ਪਟਨਾ, 2 ਨਵੰਬਰ
ਕੌਮੀ ਜਮਹੂਰੀ ਗੱਠਜੋੜ ਦੀ ਭਾਈਵਾਲ ਪਾਰਟੀ ਹਿੰਦੁਸਤਾਨ ਆਵਾਮ ਮੋਰਚਾ (ਐੱਚਏਐੱਮ) ਦੇ ਆਗੂ ਜੀਤਨ ਰਾਮ ਮਾਂਝੀ ਨੇ ਅੱਜ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਮੌਤ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਪਰੰਤ ਲੋਕ ਜਨ ਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਨੇ ਦੋਸ਼ ਲਗਾਇਆ ਕਿ ਚੋਣਾਂ ਦੌਰਾਨ ਉਨ੍ਹਾਂ ’ਤੇ ਸ਼ੱਕ ਪੈਦਾ ਕਰਨ ਲਈ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਇਹ ਸਾਜਿਸ਼ ਰਚੀ ਗਈ ਹੈ। ਸ੍ਰੀ ਮਾਂਝੀ ਨੇ ਕਿਹਾ, ‘‘ਰਾਮ ਵਿਲਾਸ ਪਾਸਵਾਨ ਦੀ ਮੌਤ ਵਿੱਚ ਚਿਰਾਗ ਪਾਸਵਾਨ ਦੀ ਕਥਿਤ ਸ਼ੱਕੀ ਭੂਮਿਕਾ ਦਾ ਭੇਤ ਖੋਲ੍ਹਣ ਵਾਸਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦੀ ਅਪੀਲ ਕਰਦਾ ਹਾਂ।’’ ਐੱਚਏਐੱਮ ਦੇ ਬੁਲਾਰੇ ਦਾਨਿਸ਼ ਰਿਜ਼ਵਾਨ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਇਸ ਮੰਗ ਦਾ ਸਮਰਥਨ ਕੀਤਾ ਹੈ। ਉਨ੍ਹਾਂ ਉਸ ਵੀਡੀਓ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਇਕ ਵੀਡੀਓ ਸੁਨੇਹਾ ਜਾਰੀ ਕਰਨ ਤੋਂ ਪਹਿਲਾਂ ਚਿਰਾਗ ਪਾਸਵਾਨ ਕਥਿਤ ਤੌਰ ’ਤੇ ਰਿਹਰਸਲ ਕਰਦੇ ਅਤੇ ਉੱਥੇ ਮੌਜੂਦ ਲੋਕਾਂ ਨਾਲ ਆਪਣੇ ਵਾਲਾਂ ਨੂੰ ਲੈ ਕੇ ਮਜ਼ਾਕ ਕਰਦੇ ਹੋਏ ਦਿਖ ਰਹੇ ਹਨ।
ਉੱਧਰ, ਚਿਰਾਗ ਪਾਸਵਾਨ ਨੇ ਸ੍ਰੀ ਮਾਂਝੀ ’ਤੇ ਵਰ੍ਹਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਇਸ ਮੁੱਦੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਬਿਮਾਰ ਸਨ ਤੇ ਹਸਪਤਾਲ ਵਿੱਚ ਦਾਖ਼ਲ ਸਨ ਤਾਂ ਸ੍ਰੀ ਮੋਦੀ ਉਨ੍ਹਾਂ ਦਾ ਹਾਲ ਜਾਣਨ ਲਈ ਰੋਜ਼ ਫੋਨ ਕਰਦੇ ਸਨ। ਕਈ ਵਾਰ ਲੋਕ ਜਨ ਸ਼ਕਤੀ ਦੇ ਸੰਸਥਾਪਕ ਦੀ ਸਿਹਤ ਸਬੰਧੀ ਸਬੰਧਤ ਡਾਕਟਰਾਂ ਨਾਲ ਗੱਲ ਕਰਨ ਮਗਰੋਂ ਉਨ੍ਹਾਂ ਨੂੰ ਸਾਰੀ ਗੱਲ ਦੱਸਣ ਲਈ ਵੀ ਪ੍ਰਧਾਨ ਮੰਤਰੀ ਫੋਨ ਕਰਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਚੋਣਾਂ ਦੇ ਮੱਦੇਨਜ਼ਰ ਸਿਆਸੀ ਲਾਹਾ ਲੈਣ ਲਈ ਇਹ ਸਾਜਿਸ਼ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਹੀ ਰਚੀ ਗਈ ਹੈ। -ਪੀਟੀਆਈ