ਨਵੀਂ ਦਿੱਲੀ, 11 ਨਵੰਬਰ
ਚੀਫ਼ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਸੁਪਰੀਮ ਕੋਰਟ ਕੌਲਿਜੀਅਮ ਵਿਚ ਜਸਟਿਸ ਏਐੱਸ ਓਕਾ ਨੂੰ ਨਵੇਂ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੇ 10 ਨਵੰਬਰ ਨੂੰ ਸੇਵਾਮੁਕਤ ਹੋਣ ਕਰਕੇ ਸੁਪਰੀਮ ਕੋਰਟ ਕੌਲਿਜੀਅਮ ਦਾ ਮੁੜ ਗਠਨ ਕੀਤਾ ਗਿਆ ਹੈ। ਪੰਜ ਮੈਂਬਰੀ ਕੌਲਿਜੀਅਮ ਵਿਚ ਚੀਫ ਜਸਟਿਸ ਖੰਨਾ ਤੋਂ ਇਲਾਵਾ ਜਸਟਿਸ ਬੀਆਰ ਗਵਈ, ਜਸਟਿਸ ਸੂਰਿਆ ਕਾਂਤ, ਜਸਟਿਸ ਰਿਸ਼ੀਕੇਸ਼ ਰੌਏ ਤੇ ਜਸਟਿਸ ਏਐੱਸ ਓਕਾ ਸ਼ਾਮਲ ਹਨ। ਤਿੰਨ ਮੈਂਬਰੀ ਕੌਲਿਜੀਅਮ, ਜੋ ਹਾਈ ਕੋਰਟ ਦੇ ਜੱਜਾਂ ਦੀ ਚੋਣ ਕਰਦਾ ਹੈ, ਵਿਚ ਸੀਜੇਆਈ ਅਤੇ ਜਸਟਿਸ ਬੀਆਰ ਗਵਈ ਤੇ ਜਸਟਿਸ ਸੂਰਿਆ ਕਾਂਤ ਮੈਂਬਰ ਵਜੋਂ ਸ਼ਾਮਲ ਹਨ। ਕੌਲਿਜੀਅਮ ਪ੍ਰਬੰਧ ਉਹ ਅਮਲ ਹੈ ਜਿਸ ਤਹਿਤ ਉੱਚ ਨਿਆਂਪਾਲਿਕਾ ਵਿਚ ਜੱਜਾਂ ਦੀ ਨਿਯੁਕਤੀ ਤੇ ਤਬਾਦਲੇ ਕੀਤੇ ਜਾਂਦੇ ਹਨ। -ਪੀਟੀਆਈ