ਨਵੀਂ ਦਿੱਲੀ, 27 ਅਗਸਤ
ਮੁੱਖ ਅੰਸ਼
- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
- 90 ਵਰ੍ਹਿਆਂ ਦੇ ਪਿਤਾ ਤੋਂ ਲਿਆ ਆਸ਼ੀਰਵਾਦ
ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਉਦੈ ਉਮੇਸ਼ ਲਲਿਤ ਨੇ ਅੱਜ ਦੇਸ਼ ਦੇ 49ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਹੋਏ ਸੰਖੇਪ ਸਮਾਗਮ ਦੌਰਾਨ ਜਸਟਿਸ ਲਲਿਤ ਨੂੰ ਸਹੁੰ ਚੁਕਾਈ। ਜਸਟਿਸ ਲਲਿਤ ਦੂਜੇ ਚੀਫ਼ ਜਸਟਿਸ ਬਣ ਗਏ ਹਨ ਜੋ ਸਿੱਧੇ ਬਾਰ ਤੋਂ ਸੁਪਰੀਮ ਕੋਰਟ ਪਹੁੰਚੇ ਹਨ। ਇਸ ਤੋਂ ਪਹਿਲਾਂ ਜਸਟਿਸ ਐੱਸ ਐੱਮ ਸੀਕਰੀ, ਜੋ ਜਨਵਰੀ 1971 ’ਚ 13ਵੇਂ ਚੀਫ਼ ਜਸਟਿਸ ਬਣੇ ਸਨ, ਪਹਿਲੇ ਵਕੀਲ ਸਨ ਜਿਨ੍ਹਾਂ ਨੂੰ ਮਾਰਚ 1964 ’ਚ ਸਿੱਧੇ ਸਿਖਰਲੀ ਅਦਾਲਤ ’ਚ ਤਰੱਕੀ ਮਿਲੀ ਸੀ। ਜਸਟਿਸ ਲਲਿਤ ਦਾ ਚੀਫ਼ ਜਸਟਿਸ ਵਜੋਂ ਕਾਰਜਕਾਲ 74 ਦਿਨਾਂ ਦਾ ਹੋਵੇਗਾ ਕਿਉਂਕਿ 8 ਨਵੰਬਰ ਨੂੰ ਉਹ 65 ਸਾਲ ਦੀ ਉਮਰ ’ਚ ਸੇਵਾਮੁਕਤ ਹੋ ਜਾਣਗੇ। ਇਸ ਮਗਰੋਂ ਸਭ ਤੋਂ ਸੀਨੀਅਰ ਜਸਟਿਸ ਡੀ ਵਾਈ ਚੰਦਰਚੂੜ ਦੇ ਸੁਪਰੀਮ ਕੋਰਟ ਦਾ ਚੀਫ਼ ਜਸਟਿਸ ਬਣਨ ਦੀ ਸੰਭਾਵਨਾ ਹੈ। ਜਸਟਿਸ ਲਲਿਤ ਨੇ ਹਲਫ਼ ਮਗਰੋਂ ਜਦੋਂ ਰਜਿਸਟਰ ’ਤੇ ਦਸਤਖ਼ਤ ਕੀਤੇ ਤਾਂ ਰਾਸ਼ਟਰਪਤੀ ਮੁਰਮੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਹਲਫ਼ਦਾਰੀ ਸਮਾਗਮ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਸਾਬਕਾ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਸਮੇਤ ਹੋਰ ਹਸਤੀਆਂ ਹਾਜ਼ਰ ਸਨ। ਇਸ ਮੌਕੇ ਚੀਫ਼ ਜਸਟਿਸ ਦੇ ਅਹੁਦੇ ਤੋਂ ਲਾਂਭੇ ਹੋਏ ਜਸਟਿਸ ਐੱਨ ਵੀ ਰਾਮੰਨਾ ਵੀ ਹਾਜ਼ਰ ਸਨ। ਸਹੁੰ ਚੁੱਕਣ ਮਗਰੋਂ ਜਸਟਿਸ ਲਲਿਤ ਨੇ 90 ਵਰ੍ਹਿਆਂ ਦੇ ਪਿਤਾ ਉਮੇਸ਼ ਰੰਗਾਨਾਥ ਲਲਿਤ, ਜੋ ਬੰਬੇ ਹਾਈ ਕੋਰਟ ਦੇ ਸਾਬਕਾ ਜੱਜ ਰਹੇ, ਅਤੇ ਪਰਿਵਾਰ ਦੇ ਹੋਰ ਬਜ਼ੁਰਗਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ। 9 ਨਵੰਬਰ, 1957 ਨੂੰ ਜਨਮੇ ਜਸਟਿਸ ਲਲਿਤ ਜੂਨ 1983 ’ਚ ਵਕੀਲ ਬਣੇ ਸਨ ਅਤੇ ਉਨ੍ਹਾਂ ਬੰਬੇ ਹਾਈ ਕੋਰਟ ’ਚ ਦਸੰਬਰ 1985 ਤੱਕ ਵਕਾਲਤ ਕੀਤੀ। ਉਹ ਜਨਵਰੀ 1986 ’ਚ ਦਿੱਲੀ ਆ ਗਏ ਅਤੇ ਅਪਰੈਲ 2004 ’ਚ ਉਨ੍ਹਾਂ ਨੂੰ ਸੁਪਰੀਮ ਕੋਰਟ ਵੱਲੋਂ ਸੀਨੀਅਰ ਵਕੀਲ ਨਾਮਜ਼ਦ ਕੀਤਾ ਗਿਆ ਸੀ। 2ਜੀ ਸਪੈਕਟਰਮ ਵੰਡ ਕੇਸ ’ਚ ਉਨ੍ਹਾਂ ਨੂੰ ਸੀਬੀਆਈ ਦਾ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਗਿਆ ਸੀ। ਜਨਵਰੀ 2019 ’ਚ ਉਹ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਕੇਸ ਦੀ ਸੁਣਵਾਈ ਤੋਂ ਵੱਖ ਹੋ ਗਏ ਸਨ। ਜਸਟਿਸ ਲਲਿਤ ਛੇਵੇਂ ਚੀਫ਼ ਜਸਟਿਸ ਹੋਣਗੇ ਜਿਨ੍ਹਾਂ ਦਾ 100 ਦਿਨ ਤੋਂ ਘੱਟ ਦਾ ਕਾਰਜਕਾਲ ਹੋਵੇਗਾ। ਜਸਟਿਸ ਕਮਲ ਨਾਰਾਇਣ ਸਿੰਘ, ਜੋ 25 ਨਵੰਬਰ, 1991 ਤੋਂ 12 ਦਸੰਬਰ, 1991 ਤੱਕ ਚੀਫ਼ ਜਸਟਿਸ ਰਹੇ, ਦਾ ਸਿਰਫ਼ 18 ਦਿਨਾਂ ਦਾ ਕਾਰਜਕਾਲ ਰਿਹਾ ਸੀ। ਇਸੇ ਤਰ੍ਹਾਂ ਜਸਟਿਸ ਐੱਸ ਰਾਜੇਂਦਰ ਬਾਬੂ ਦਾ 30, ਜਸਟਿਸ ਜੇ ਸੀ ਸ਼ਾਹ ਦਾ 36, ਜਸਟਿਸ ਜੀ ਬੀ ਪਟਨਾਇਕ ਦਾ 41 ਅਤੇ ਜਸਟਿਸ ਐੱਲ ਐੱਮ ਸ਼ਰਮਾ ਦਾ ਚੀਫ਼ ਜਸਟਿਸ ਵਜੋਂ 86 ਦਿਨਾਂ ਦਾ ਕਾਰਜਕਾਲ ਰਿਹਾ। -ਪੀਟੀਆਈ