ਨਵੀਂ ਦਿੱਲੀ, 31 ਜਨਵਰੀ
ਸੁਪਰੀਮ ਕੋਰਟ ਦੇ ਸੀਨੀਅਰ ਜੱਜ ਜਸਟਿਸ ਯੂ ਯੂ ਲਲਿਤ ਨੇ 2013 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੱਤਰਕਾਰ ਤਰੁਣ ਤੇਜਪਾਲ ਦੀ ਅਪੀਲ ’ਤੇ ਸੁਣਵਾਈ ਤੋਂ ਸੋਮਵਾਰ ਨੂੰ ਆਪਣੇ ਆਪ ਨੂੰ ਵੱਖ ਕਰ ਲਿਆ। ਤੇਜਪਾਲ ਨੇ ਮੁੰਬਈ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਉੱਚ ਅਦਾਲਤ ਨੇ ਮਾਮਲੇ ਦੀ ਸੁਣਵਾਈ ਬੰਦ ਕਮਰੇ ਵਿੱਚ ਕਰਾਉਣ ਦੀ ਉਸ ਦੀ ਅਪੀਲ ਖਾਰਜ ਕਰ ਦਿੱਤੀ ਸੀ। ਜਸਟਿਸ ਲਲਿਤ ਬੈਂਚ ਦੀ ਪ੍ਰਧਾਨਗੀ ਕਰ ਰਹੇ ਸਨ ਅਤੇ ਬੈਂਚ ਵਿੱਚ ਜਸਟਿਸ ਐਸ ਰਵਿੰਦਰ ਭੱਟ ਅਤੇ ਜਸਟਿਸ ਪੀ ਐਮ ਨਰਸਿਮਹਾ ਵੀ ਸ਼ਾਮਲ ਸਨ। ਜਸਟਿਸ ਲਲਿਤ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਇਸ ਲਈ ਵੱਖ ਕੀਤਾ ਕਿਉਂਕਿ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਤੇਜਪਾਲ ਦੀ ਪ੍ਰਤੀਨਿਧਤਾ ਕੀਤੀ ਸੀ। ਹੁਣ ਇਸ ਕੇਸ ਨੂੰ ਚੀਫ਼ ਜਸਟਿਸ ਐਨ ਵੀ ਰਾਮੰਨਾ ਨੂੰ ਅਜਿਹੇ ਬੈਂਚ ਕੋਲ ਲਿਸਟ ਕਰਨ ਲਈ ਭੇਜਿਆ ਗਿਆ ਹੈ ਜਿਸ ਵਿੱਚ ਜਸਟਿਸ ਲਲਿਤ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਨਹੀਂ ਹੋਣਗੇ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਜਸਟਿਸ ਰਾਓ ਨੇ ਆਪਣੇ ਆਪ ਨੂੰ ਇਸ ਮਾਮਲੇ ਤੋਂ ਵੱਖ ਕਰ ਲਿਆ ਸੀ।-ਏਜੰਸੀ