ਕੋਲਕਾਤਾ, 16 ਅਗਸਤ
ਅਫ਼ਗ਼ਾਨਿਸਤਾਨ ’ਤੇ ਤਾਲਿਬਾਨੀਆਂ ਵੱਲੋਂ ਕਬਜ਼ਾ ਕਰ ਲੈਣ ’ਤੇ ਕੋਲਕਾਤਾ ਵਿੱਚ ਰਹਿੰਦੇ ਕਾਬੁਲੀਵਾਲੇ (ਕਾਬੁਲ ਦੇ ਲੋਕ) ਬੇਹੱਦ ਫਿਕਰਮੰਦ ਹਨ। ਉਨ੍ਹਾਂ ਦਾ ਆਪਣੇ ਪਰਿਵਾਰਾਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਉਹ ਇੱਥੇ ਘਰ-ਘਰ ਫੇਰੀ ਪਾ ਕੇ ਆਪਣੇ ਮੁਲਕ ਦੇ ਸੁੱਕੇ ਮੇਵੇ, ਕਾਲੀਨ ਤੇ ਪਰਫਿਊਮ ਵੇਚਦੇ ਹਨ।
ਕਈ ਦਹਾਕਿਆਂ ਤੋਂ ਇੱਥੇ ਰਹਿ ਰਹੇ 58 ਵਰ੍ਹਿਆਂ ਦੇ ਓਮਾਰ ਮਸੂਦ ਨੇ ਦੱਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਉਸ ਦਾ ਕੰਦੂਜ਼ ਰਹਿੰਦੇ ਪਰਿਵਾਰ ਤੇ ਦੋਸਤਾਂ ਨਾਲ ਰਾਬਤਾ ਨਹੀਂ ਹੋ ਰਿਹਾ ਹੈ। ਮਸੂਦ ਨੇ ਦੱਸਿਆ ਕਿ ਜੁਲਾਈ ਵਿੱਚ ਆਖ਼ਰੀ ਵਾਰ ਉਸ ਦੀ ਆਪਣੇ ਛੋਟੇ ਭਰਾ ਅਤੇ ਪਰਿਵਾਰ ਨਾਲ ਗੱਲ ਹੋਈ ਸੀ। ਉਹ ਮਈ ਤੋਂ ਉਨ੍ਹਾਂ ਨੂੰ ਅਫ਼ਗਾਨਿਸਤਾਨ ਛੱਡ ਕੇ ਭਾਰਤ ਜਾਂ ਹੋਰ ਮੁਲਕ ਵਿੱਚ ਜਾਣ ਲਈ ਕਹਿ ਰਿਹਾ ਸੀ। ਇਸੇ ਤਰ੍ਹਾਂ ਮੁਹੰਮਦ ਖ਼ਾਨ (49) ਜੋ ਕਾਬੁਲ ਤੋਂ ਪਿਛਲੇ ਸਾਲ ਵਾਪਸ ਕੋਲਕਾਤਾ ਆ ਗਿਆ ਸੀ, ਨੇ ਕਿਹਾ ਕਿ ਜਦੋਂ ਤਾਲਿਬਾਨ ਨੇ ਪਹਿਲੀ ਵਾਰ ਅਫ਼ਗਾਨਿਤਾਨ ਨੂੰ ਆਪਣੇ ਕੰਟਰੋਲ ਹੇਠ ਲਿਆ ਸੀ ਤਾਂ ਉਸ ਨੇ 90ਵਿਆਂ ਦੇ ਅੱਧ ਵਿੱਚ ਅਫ਼ਗਾਨਿਸਤਾਨ ਛੱਡਿਆ ਸੀ। ਮਗਰੋਂ ਹਾਲਾਤ ਠੀਕ ਹੋਏ ਤਾਂ ਉਸ ਨੇ ਮੁੜ ਘਰ ਜਾਣ ਦਾ ਫ਼ੈਸਲਾ ਕੀਤਾ ਅਤੇ ਉੱਥੇ ਦੁਕਾਨ ਵੀ ਖੋਲ੍ਹੀ। ਫੇਰ ਬਾਅਦ ਵਿੱਚ ਅਮਰੀਕ ਨੇ ਦੇਸ਼ ਤੋਂ ਆਪਣੀਆਂ ਫੌਜਾਂ ਵਾਪਸ ਸੱਦਣ ਦਾ ਫ਼ੈਸਲਾ ਕਰ ਲਿਆ ਜਿਸ ਮਗਰੋਂ ਸਥਿਤੀ ਭਿਆਨਕ ਹੋਣੀ ਸ਼ੁਰੂ ਹੋ ਗਈ। ਉਸ ਕੋਲ ਆਪਣੇ ਪਰਿਵਾਰ ਸਮੇਤ ਵਾਪਸ ਕੋਲਕਾਤਾ ਆਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। -ਪੀਟੀਆਈ