ਗੋਰਖਪੁਰ, 31 ਜਨਵਰੀ
ਉੱਤਰ ਪ੍ਰਦੇਸ਼ ਗੋਰਖਪੁਰ ਜ਼ਿਲ੍ਹੇ ’ਚ ਡਾਕਟਰ ਕਫ਼ੀਲ ਖ਼ਾਨ ਅਤੇ 80 ਹੋਰ ਜਣਿਆਂ ਦੇ ਨਾਮ ਅਪਰਾਧਿਕ ਸਰਗਰਮੀਆਂ ’ਚ ਸ਼ਮੂਲੀਅਤ (ਹਿਸਟਰੀ ਸ਼ੀਟਰ) ਵਾਲੀ ਸੂਚੀ ’ਚ ਰੱਖੇ ਹਨ। ਅਧਿਕਾਰੀਆਂ ਮੁਤਾਬਕ ਇਹ ਸਾਰੇ ਜਣੇ ਹੁਣ ਪੁਲੀਸ ਦੀ ਨਜ਼ਰ ’ਚ ਰਹਿਣਗੇ। ਐੱਸਐੱਸਪੀ ਜੋਗੇਂਦਰ ਕੁਮਾਰ ਦੇ ਨਿਰਦੇਸ਼ਾਂ ’ਤੇ ਇਨ੍ਹਾਂ ਦੇ ਨਾਮ ਸੂਚੀ ’ਚ ਸ਼ਾਮਲ ਕੀਤੇ ਗਏ ਹਨ। ਜ਼ਿਲ੍ਹੇ ’ਚ ਹੁਣ ਅਪਰਾਧਿਕ ਰਿਕਾਰਡ ਵਾਲੇ ਵਿਅਕਤੀਆਂ ਦੀ ਗਿਣਤੀ 1543 ਹੋ ਗਈ ਹੈ। ਕਫ਼ੀਲ ਖ਼ਾਨ ਦੇ ਭਰਾ ਅਦੀਲ ਖ਼ਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਡਾਕਟਰ ਨੂੰ ਅਪਰਾਧੀਆਂ ਦੀ ਸੂਚੀ ’ਚ ਪਿਛਲੇ ਸਾਲ 18 ਜੂਨ ਨੂੰ ਰੱਖਿਆ ਗਿਆ ਸੀ ਪਰ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ।
ਕਫ਼ੀਲ ਖ਼ਾਨ ਨੇ ਸ਼ਨਿਚਰਵਾਰ ਨੂੰ ਵੀਡੀਓ ਸੁਨੇਹੇ ’ਚ ਕਿਹਾ ਕਿ ਯੂਪੀ ਸਰਕਾਰ ਨੇ ਉਸ ਖ਼ਿਲਾਫ਼ ਅਪਰਾਧਿਕ ਰਿਕਾਰਡ ਖੋਲ੍ਹਿਆ ਹੈ ਅਤੇ ਹੁਣ ਉਹ ਜ਼ਿੰਦਗੀ ਭਰ ਪੁਲੀਸ ਦੀ ਨਜ਼ਰ ’ਚ ਰਹਿਣਗੇ। ਕਫ਼ੀਲ ਨੇ ਤਨਜ਼ ਕਸਦਿਆਂ ਕਿਹਾ ਕਿ ਦੋ ਸੁਰੱਖਿਆ ਕਰਮੀ ਉਨ੍ਹਾਂ ਨੂੰ ਦਿੱਤੇ ਜਾਣ ਤਾਂ ਜੋ ਉਹ 24 ਘੰਟੇ ਉਨ੍ਹਾਂ ’ਤੇ ਨਜ਼ਰ ਰੱਖ ਸਕਣ। ਜ਼ਿਕਰਯੋਗ ਹੈ ਕਿ ਕਫ਼ੀਲ ਖ਼ਾਨ ਨੂੰ ਅਲੀਗੜ੍ਹ ਯੂਨੀਵਰਸਿਟੀ ’ਚ ਨਾਗਰਿਕਤਾ ਸੋਧ ਐਕਟ ਵਿਰੁੱਧ ਭਾਸ਼ਣ ਦੇਣ ’ਤੇ ਪਿਛਲੇ ਸਾਲ ਜਨਵਰੀ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਵੀ ਲਗਾਇਆ ਗਿਆ ਸੀ। -ਪੀਟੀਆਈ