ਨਵੀਂ ਦਿੱਲੀ, 27 ਜੁਲਾਈ
ਕਰੀਬ ਤਿੰਨ ਸਾਲ ਪਹਿਲਾਂ ਡਾਕਟਰ ਕਫ਼ੀਲ ਖ਼ਾਨ ਨੇ ਜਦੋਂ 10 ਅਗਸਤ ਦੀ ਰਾਤ ਨੂੰ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ’ਚ ਆਕਸੀਜਨ ਦੀ ਕਮੀ ਕਾਰਨ ਮਰ ਰਹੇ ਬੱਚਿਆਂ ਨੂੰ ਬਚਾਇਆ ਸੀ ਤਾਂ ਉਸ ਨੂੰ ਨਾਇਕ ਕਿਹਾ ਗਿਆ ਸੀ। ਪਰ 22 ਅਗਸਤ ਨੂੰ ਹਾਲਾਤ ਅਜਿਹੇ ਬਣੇ ਕਿ ਉਸ ਨੂੰ ਲੈਕਚਰਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਅਤੇ ਹਸਪਤਾਲ ’ਚ 60 ਬੱਚਿਆਂ ਦੀ ਹੋਈ ਮੌਤ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਉਸ ਤੋਂ ਬਾਅਦ ਕਫ਼ੀਲ ਖ਼ਾਨ ਨੂੰ 9 ਮਹੀਨਿਆਂ ਤੱਕ ਜੇਲ੍ਹ ’ਚ ਡੱਕਿਆ ਗਿਆ। ਉਹ ਸਾਰੇ ਦੋਸ਼ਾਂ ਤੋਂ ਬਰੀ ਹੋ ਗਿਆ ਸੀ ਪਰ ਸਰਕਾਰ ਵਿਰੋਧੀ ਟਿੱਪਣੀਆਂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਸੀਏਏ ਖਿਲਾਫ਼ ਪ੍ਰਦਰਸ਼ਨ ਦੌਰਾਨ ਕੀਤੀ ਗਈ ਬਿਆਨਬਾਜ਼ੀ ਨਾਲ ਉਹ ਫਿਰ ਫਸ ਗਿਆ। ਉਸ ’ਤੇ ਨੈਸ਼ਨਲ ਸੁਰੱਖਿਆ ਐਕਟ, 1980 ਲਗਾਇਆ ਗਿਆ ਜਿਸ ਕਰ ਕੇ ਉਹ ਹੁਣ ਜੇਲ੍ਹ ’ਚ ਬੰਦ ਹੈ। ਉਸ ਦੀ ਮਾਂ ਨੇ ਸੁਪਰੀਮ ਕੋਰਟ ’ਚ ਹੈਬੀਅਸ ਕਾਰਪਸ ਅਰਜ਼ੀ ਦਾਖ਼ਲ ਕੀਤੀ ਹੋਈ ਹੈ ਜਿਸ ’ਤੇ ਅਲਾਹਾਬਾਦ ਹਾਈ ਕੋਰਟ ’ਚ ਸੁਣਵਾਈ ਹੋਣੀ ਸੀ ਪਰ ਕੋਵਿਡ ਮਹਾਮਾਰੀ ਅਤੇ ਫਿਰ ਲੌਕਡਾਊਨ ਕਰ ਕੇ ਇਸ ’ਤੇ ਸੁਣਵਾਈ ਨਹੀਂ ਹੋ ਸਕੀ। ਉਸ ਦੀ ਰਿਹਾਈ ਲਈ 99 ਸਾਬਕਾ ਆਈਏਐੱਸ, ਆਈਪੀਐੱਸ ਤੇ ਆਈਐੱਫਐੱਸ ਅਧਿਕਾਰੀਆਂ ਅਤੇ ਸੰਯੁਕਤ ਰਾਸ਼ਟਰ ਤੱਕ ਨੇ ਮੰਗ ਕੀਤੀ ਹੈ ਪਰ 40 ਸਾਲ ਪੁਰਾਣੇ ਕਾਲੇ ਕਾਨੂੰਨ, ਨਿਆਂ ’ਚ ਦੇਰੀ, ਕੋਵਿਡ-19 ਅਤੇ ‘ਸਜ਼ਾ ਦੇਣ’ ਲਈ ਬਜ਼ਿੱਦ ਹੁਕਮਰਾਨਾਂ ਕਰ ਕੇ ਜਾਪਦਾ ਹੈ ਕਿ ਉਹ ਜੇਲ੍ਹ ਅੰਦਰ ਹੀ ਰਹੇਗਾ। -ਪੀਟੀਆਈ