ਵਰਧਾ, 12 ਜਨਵਰੀ
ਮਹਾਰਾਸ਼ਟਰ ਦੇ ਵਰਧਾ ਦੀ ਪੁਲੀਸ ਨੇ ਹਿੰਦੂ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਾਲੀਚਰਨ ਮਹਾਰਾਜ ਨੇ ਕਥਿਤ ਤੌਰ ’ਤੇ ਮਹਾਤਮਾ ਗਾਂਧੀ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ ਤੇ ਉਸ ਖ਼ਿਲਾਫ਼ ਮਹਾਰਾਸ਼ਟਰ ਵਿਚ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਅੱਜ ਸਵੇਰੇ ਪੰਜ ਵਜੇ ਛੱਤੀਸਗੜ੍ਹ ਦੇ ਰਾਏਪੁਰ ਤੋਂ ਇੱਥੇ ਲਿਆਂਦਾ ਗਿਆ ਜਿੱਥੇ ਉਹ ਇਸੇ ਤਰ੍ਹਾਂ ਦੇ ਕੇਸ ਵਿਚ ਜੇਲ੍ਹ ਵਿਚ ਸੀ। ਕਾਲੀਚਰਨ ਮਹਾਰਾਜ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਗਿਆ। ਧਾਰਮਿਕ ਆਗੂ ਖ਼ਿਲਾਫ਼ ਵਰਧਾ ਵਿਚ ਕੇਸ 29 ਦਸੰਬਰ ਨੂੰ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਾਲੀਚਰਨ ਮਹਾਰਾਜ ਨੂੰ ਰਾਏਪੁਰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਰਾਏਪੁਰ ਵਿਚ ਉਸ ਨੇ ਪਿਛਲੇ ਸਾਲ 26 ਦਸੰਬਰ ਨੂੰ ਕੁਝ ਟਿੱਪਣੀਆਂ ਕਰ ਕੇ ਮਹਾਤਮਾ ਗਾਂਧੀ ਦਾ ਕਥਿਤ ਨਿਰਾਦਰ ਕੀਤਾ ਸੀ। ਮਹਾਰਾਸ਼ਟਰ ਦੇ ਅਕੋਲਾ ਵਿਚ ਵੀ ਕਾਲੀਚਰਨ ਮਹਾਰਾਜ ਖ਼ਿਲਾਫ਼ ਕੇਸ ਦਰਜ ਹੈ। ਪਿਛਲੇ ਹਫ਼ਤੇ ਪੁਣੇ ਪੁਲੀਸ ਨੇ ਵੀ ਉਸ ਨੂੰ ਭੜਕਾਊ ਭਾਸ਼ਣ ਦੇਣ ’ਤੇ ਗ੍ਰਿਫ਼ਤਾਰ ਕੀਤਾ ਸੀ। ਪਿਛਲੇ ਸ਼ੁੱਕਰਵਾਰ ਪੁਣੇ ਦੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਜਿਸ ਤੋਂ ਬਾਅਦ ਉਸ ਨੂੰ ਰਾਏਪੁਰ ਦੀ ਜੇਲ੍ਹ ਭੇਜ ਦਿੱਤਾ ਗਿਆ ਸੀ। ਵਰਧਾ ਪੁਲੀਸ ਨੇ ਬੁੱਧਵਾਰ ਰਾਏਪੁਰ ਵਿਚ ਪ੍ਰੋਡਕਸ਼ਨ ਵਾਰੰਟ ਦਾਖਲ ਕਰ ਕੇ ਕਾਲੀਚਰਨ ਮਹਾਰਾਜ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ