ਨਵੀਂ ਦਿੱਲੀ, 29 ਦਸੰਬਰ
ਡਾਇਰੈਕਟੋਰੇਟ ਜਨਰਲ ਆਫ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਡੀਜੀਜੀਆਈ) ਨੇ ਕਿਹਾ ਹੈ ਕਿ ਕਾਨਪੁਰ ਦੇ ਇੱਤਰ ਵਪਾਰੀ ਪੀਯੂਸ਼ ਜੈਨ ਦੇ ਟਿਕਾਣਿਆਂ ‘ਤੇ 22 ਦਸੰਬਰ ਤੋਂ ਸ਼ੁਰੂ ਹੋਏ ਛਾਪੇ ਹੁਣ ਬੰਦ ਹੋ ਗਏ ਹਨ। ਅੱਜ ਤਲਾਸ਼ੀ ਦੌਰਾਨ ਕਈ ਦਸਤਾਵੇਜ਼, ਭਾਰੀ ਨਕਦੀ, ਸੋਨਾ ਅਤੇ ਹੋਰ ਕੀਮਤੀ ਸਮੱਗਰੀ ਬਰਾਮਦ ਕੀਤੀ ਗਈ। ਸਵੇਰੇ ਪੀਯੂਸ਼ ਜੈਨ ਦੇ ਪੁੱਤਰ ਪ੍ਰਤਿਯੂਸ਼ ਜੈਨ ਨੂੰ ਡੀਜੀਜੀਆਈ ਟੀਮ ਨਾਲ ਜਾਂਦੇ ਹੋਏ ਦੇਖਿਆ ਗਿਆ। ਡੀਜੀਜੀਆਈ ਦੇ ਐਡੀਸ਼ਨਲ ਡਾਇਰੈਕਟਰ ਜ਼ਾਕਿਰ ਹੁਸੈਨ ਨੇ ਦੱਸਿਆ ਕਿ ਉਨ੍ਹਾਂ ਨੇ ਸੋਨਾ ਅਤੇ ਹੋਰ ਚੀਜ਼ਾਂ ਤੋਂ ਇਲਾਵਾ 19 ਕਰੋੜ ਰੁਪਏ ਹੋਰ ਬਰਾਮਦ ਕੀਤੇ ਹਨ। ਇਹ ਟੀਮ ਪਿਛਲੇ ਅੱਠ ਦਿਨਾਂ ਤੋਂ ਕਨੌਜ ਦੀ ਰਿਹਾਇਸ਼ ‘ਤੇ ਸੀ। ਜ਼ਿਕਰਯੋਗ ਹੈ ਕਿ ਸਟੇਟ ਬੈਂਕ ਆਫ ਇੰਡੀਆ ਦੇ ਅਧਿਕਾਰੀਆਂ ਅਤੇ 20 ਨੋਟ ਕਾਊਂਟਿੰਗ ਮਸ਼ੀਨਾਂ ਦੀ ਮਦਦ ਨਾਲ ਪਿਛਲੇ ਪੰਜ ਦਿਨਾਂ ਤੋਂ ਨੋਟਾਂ ਦੀ ਗਿਣਤੀ ਜਾਰੀ ਸੀ। ਟੀਮ ਵੱਲੋਂ ਨੋਟਾਂ ਨੂੰ ਵੱਡੇ ਬਕਸਿਆਂ ਵਿੱਚ ਪਾ ਕੇ ਸੀਲ ਕਰ ਦਿੱਤਾ ਗਿਆ। ਵਿੱਤੀ ਖੁਫੀਆ ਟੀਮਾਂ ਨੂੰ ਐਸਬੀਆਈ ਸ਼ਾਖਾ ਵਿੱਚ ਨਕਦੀ ਲਿਜਾਣ ਲਈ ਵਾਧੂ ਮਜ਼ਦੂਰਾਂ ਅਤੇ ਇੱਕ ਟਰੱਕ ਦੀ ਮਦਦ ਲੈਣੀ ਪਈ। ਉਨ੍ਹਾਂ ਦੇ ਘਰ ਦੇ ਬਾਹਰ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਸਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਥਾਨਕ ਪੁਲੀਸ ਨੂੰ ਬੁਲਾਇਆ ਗਿਆ ਸੀ।