ਸ਼ਿਮਲਾ, 25 ਸਤੰਬਰ
ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਤਿੰਨ ਖੇਤੀ ਕਾਨੂੰਨ ਮੁੜ ਲਾਗੂ ਕਰਨ ਵਾਲੇ ਆਪਣੇ ਬਿਆਨ ਨੂੰ ਵਾਪਸ ਲੈਂਦਿਆਂ ਮੁਆਫ਼ੀ ਮੰਗੀ ਹੈ। ਕੰਗਨਾ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਇਹ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਸਨ। ਕੰਗਨਾ ਨੇ ‘ਐਕਸ’ ’ਤੇ ਕਿਹਾ, ‘ਮੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਨਾ ਸਿਰਫ ਕਲਾਕਾਰ ਹਾਂ, ਬਲਕਿ ਹੁਣ ਭਾਜਪਾ ਦੀ ਮੈਂਬਰ ਵੀ ਹਾਂ ਅਤੇ ਮੇਰੇ ਬਿਆਨ ਪਾਰਟੀਆਂ ਦੀਆਂ ਨੀਤੀਆਂ ਮੁਤਾਬਕ ਹੋਣੇ ਚਾਹੀਦੇ ਹਨ।’ ਭਾਜਪਾ ਆਗੂ ਨੇ ਕਿਹਾ ਕਿ ਵਿਵਾਦਤ ਕਾਨੂੰਨਾਂ ’ਤੇ ਆਪਣੇ ਬਿਆਨਾਂ ਨਾਲ ਉਸ ਨੇ ਕਈਆਂ ਨੂੰ ਨਿਰਾਸ਼ ਕੀਤਾ ਹੋ ਸਕਦਾ ਹੈ, ਜਿਸ ਦਾ ਉਸ ਨੂੰ ਅਫ਼ਸੋਸ ਹੈ। ਕੰਗਨਾ ਨੇ ‘ਐਕਸ’ ’ਤੇ ਵੀਡੀਓ ਵੀ ਪੋਸਟ ਕੀਤਾ ਜਿਸ ’ਚ ਉਸ ਨੇ ਕਿਹਾ, ‘ਜਦੋਂ ਖੇਤੀ ਕਾਨੂੰਨ ਪਾਸ ਹੋਏ ਸਨ ਤਾਂ ਸਾਡੇ ’ਚੋਂ ਕਈਆਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਸੀ ਪਰ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਉਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ ਸੀ।’ ਉਸ ਨੇ 68 ਸਕਿੰਟਾਂ ਦੀ ਕਲਿੱਪ ’ਚ ਇਹ ਵੀ ਕਿਹਾ ਕਿ ਜੇ ਉਸ ਦੇ ਬਿਆਨਾਂ ਅਤੇ ਵਿਚਾਰਾਂ ਨਾਲ ਕਿਸੇ ਨੂੰ ਨਿਰਾਸ਼ਾ ਹੋਈ ਹੈ ਤਾਂ ਉਹ ਸ਼ਬਦ ਵਾਪਸ ਲੈਂਦਿਆਂ ਮੁਆਫ਼ੀ ਮੰਗਦੀ ਹੈ। -ਪੀਟੀਆਈ
ਕੰਗਨਾ ਦੇ ਬਿਆਨ ’ਤੇ ਮੋਦੀ ਸਫ਼ਾਈ ਦੇਣ: ਰਾਹੁਲ
ਨਵੀਂ ਦਿੱਲੀ:
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕੰਗਨਾ ਰਣੌਤ ਦੇ ਖੇਤੀ ਕਾਨੂੰਨਾਂ ਬਾਰੇ ਦਿੱਤੇ ਵਿਵਾਦਤ ਬਿਆਨ ਲਈ ਭਾਜਪਾ ਦੀ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬਾਰੇ ਸਫ਼ਾਈ ਦੇਣ ਕਿ ਉਹ ਬਿਆਨ ਦਾ ਵਿਰੋਧ ਕਰਦੇ ਹਨ ਜਾਂ ਇਹ ਕਿਸੇ ਸ਼ਰਾਰਤ ਤਹਿਤ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ‘ਇੰਡੀਆ’ ਗੱਠਜੋੜ ਵੱਲੋਂ ਤਿੱਖਾ ਵਿਰੋਧੀ ਕੀਤਾ ਜਾਵੇਗਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ 750 ਕਿਸਾਨਾਂ ਦੀ ਸ਼ਹੀਦੀ ਮਗਰੋਂ ਵੀ ਕਿਸਾਨ ਵਿਰੋਧੀ ਭਾਜਪਾ ਅਤੇ ਮੋਦੀ ਸਰਕਾਰ ਆਪਣੇ ਘੋਰ ਅਪਰਾਧ ਨੂੰ ਮਹਿਸੂਸ ਨਹੀਂ ਕਰਦੀ ਹੈ। -ਪੀਟੀਆਈ
ਭਾਜਪਾ ਨੇ ਕੰਗਨਾ ਦੇ ਬਿਆਨ ਤੋਂ ਦੂਰੀ ਬਣਾਈ
ਨਵੀਂ ਦਿੱਲੀ:
ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ ਭਾਜਪਾ ਨੂੰ ਇਕ ਵਾਰ ਫਿਰ ਮੁਸ਼ਕਲ ’ਚ ਪਾ ਦਿੱਤਾ ਹੈ। ਭਾਜਪਾ ਤਰਜਮਾਨ ਗੌਰਵ ਭਾਟੀਆ ਨੇ ਕੰਗਨਾ ਵੱਲੋਂ ਖੇਤੀ ਕਾਨੂੰਨਾਂ ਦੀ ਵਕਾਲਤ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਬਿਆਨ ਦਾ ਪਾਰਟੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਭਾਟੀਆ ਨੇ ਕਿਹਾ ਕਿ ਭਾਜਪਾ ਨੇ ਕੰਗਨਾ ਰਣੌਤ ਨੂੰ ਅਜਿਹਾ ਕੋਈ ਬਿਆਨ ਦੇਣ ਦੇ ਅਧਿਕਾਰ ਨਹੀਂ ਦਿੱਤੇ ਹਨ ਅਤੇ ਨਾ ਹੀ ਉਸ ਦਾ ਬਿਆਨ ਪਾਰਟੀ ਦੇ ਵਿਚਾਰਾਂ ਨਾਲ ਮੇਲ ਖਾਂਦਾ ਹੈ। ਹਿਮਾਚਲ ਪ੍ਰਦੇਸ਼ ਭਾਜਪਾ ਨੇ ਵੀ ਕੰਗਨਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। -ਪੀਟੀਆਈ
ਪੰਧੇਰ ਨੇ ਭਾਜਪਾ ਸੰਸਦ ਮੈਂਬਰ ਖ਼ਿਲਾਫ਼ ਕਾਰਵਾਈ ਮੰਗੀ
ਚੰਡੀਗੜ੍ਹ:
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਖੇਤੀ ਕਾਨੂੰਨਾਂ ਬਾਰੇ ਦਿੱਤੇ ਵਿਵਾਦਤ ਬਿਆਨ ਲਈ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੰਧੇਰ ਨੇ ਕਿਹਾ, ‘ਜੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਕਾਨੂੰਨ ਵਾਪਸ ਲੈ ਲਏ ਸਨ ਅਤੇ ਉਸ ਦੀ ਸੰਸਦ ਮੈਂਬਰ ਵਿਵਾਦਤ ਬਿਆਨ ਦਿੰਦੀ ਹੈ ਤਾਂ ਫਿਰ ਉਸ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਕੀ ਕੋਈ ਨੀਤੀਗਤ ਮਾਮਲਿਆਂ ਬਾਰੇ ਬੋਲ ਸਕਦਾ ਹੈ ਅਤੇ ਆਖੇ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਤਾਂ ਇਹ ਠੀਕ ਨਹੀਂ।’’ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਭਾਜਪਾ ਦਾ ਪਰਦਾਫਾਸ਼ ਹੋ ਗਿਆ ਹੈ। -ਪੀਟੀਆਈ