ਮੁੰਬਈ, 4 ਦਸੰਬਰ
ਗਾਇਕ ਮੀਕਾ ਸਿੰਘ ਨੇ ਫਿਲਮ ਅਦਾਕਾਰਾ ਕੰਗਨਾ ਰਣੌਤ ਵੱਲੋਂ ਬਜ਼ੁਰਗ ਸਿੱਖ ਮਹਿਲਾ ਬਾਰੇ ਕੀਤੀ ਗਈ ਭੱਦੀ ਟਿੱਪਣੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮੀਕਾ ਨੇ ਟਵੀਟ ਕੀਤਾ, ‘ਮੈਂ ਕੰਗਨਾ ਦੀ ਟੀਮ ਦੀ ਬਹੁਤ ਇੱਜ਼ਤ ਕਰਦਾ ਸੀ ਤੇ ਇੱਥੋਂ ਤੱਕ ਕਿ ਜਦੋਂ ਉਸ ਦਾ ਦਫਤਰ ਤੋੜਿਆ ਗਿਆ ਸੀ ਤਾਂ ਉਸ ਸਮੇਂ ਵੀ ਮੈਂ ਕੰਗਨਾ ਦੀ ਹਮਾਇਤ ਕੀਤੀ ਸੀ। ਹੁਣ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਂ ਗਲਤ ਸੀ। ਕੰਗਨਾ! ਇੱਕ ਔਰਤ ਹੋਣ ਦੇ ਨਾਤੇ ਤੁਹਾਨੂੰ ਬਜ਼ੁਰਗ ਔਰਤ ਨੂੰ ਇੱਜ਼ਤ ਦੇਣੀ ਚਾਹੀਦੀ ਹੈ। ਜੇਕਰ ਤੁਹਾਡੇ ’ਚ ਕੋਈ ਗ਼ੈਰਤ ਬਾਕੀ ਹੈ ਤਾਂ ਇਸ ਲਈ ਮੁਆਫ਼ੀ ਮੰਗ ਲਓ। ਸ਼ਰਮ ਕਰੋ।’ ਮੀਕਾ ਦੀ ਇਹ ਟਿੱਪਣੀ ਬੀਤੇ ਦਿਨ ਦਿਲਜੀਤ ਤੇ ਕੰਗਨਾ ਵਿਚਾਲੇ ਟਵਿੱਟਰ ’ਤੇ ਚੱਲੀ ਸ਼ਬਦੀ ਜੰਗ ਤੋਂ ਬਾਅਦ ਸਾਹਮਣੇ ਆਈ ਹੈ। ਉੱਧਰ ਬੌਲੀਵੁੱਡ ਦੀਆਂ ਕਈ ਹਸਤੀਆਂ ਨੇ ਦਿਲਜੀਤ ਦੋਸਾਂਝ ਦੀ ਹਮਾਇਤ ਕੀਤੀ ਹੈ।