ਬੰਗਲੁਰੂ, 21 ਸਤੰਬਰ
ਕਰਨਾਟਕ ਦੇ ਮੁੱਖ ਮੰਤਰੀ ਦੀਆਂ ਫੋਟੋਆਂ ਦੇ ਨਾਲ ਅੱਜ ਇੱਥੇ ‘ਪੇਅਸੀਐਮ’ ਲਿਖ ਕੇ ਕਈ ਪੋਸਟਰ ਲਾ ਦਿੱਤੇ ਗਏ। ਇਸ ਘਟਨਾ ਤੋਂ ਨਾਰਾਜ਼ ਮੁੱਖ ਮੰਤਰੀ ਬਾਸਵਰਾਜ ਬੋਮਈ ਨੇ ਜਾਂਚ ਦੇ ਹੁਕਮ ਦਿੱਤੇ ਹਨ। ਦੱਸਣਯੋਗ ਹੈ ਕਿ ਜਿਹੜੇ ਪੋਸਟਰ ਲਾਏ ਗਏ ਹਨ, ਉਹ ਇਲੈਕਟ੍ਰੌਨਿਕ ਅਦਾਇਗੀ ਕੰਪਨੀ ‘ਪੇਅਟੀਐਮ’ ਦੇ ਇਸ਼ਤਿਹਾਰ ਵਰਗੇ ਹਨ। ਬੋਮਈ ਦਾ ਚਿਹਰਾ ਕਿਊਆਰ ਕੋਡ ਦੇ ਵਿਚਕਾਰ ਲਾਇਆ ਗਿਆ ਹੈ ਤੇ ਨਾਲ ਹੀ ‘ਇੱਥੇ 40 ਪ੍ਰਤੀਸ਼ਤ ਸਵੀਕਾਰ’ ਹੈ, ਲਿਖਿਆ ਗਿਆ ਹੈ। ਮੁੱਖ ਮੰਤਰੀ ਨੇ ਇਸ ਘਟਨਾ ਨੂੰ ‘ਫ਼ਰਜ਼ੀ ਮੁਹਿੰਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਮੁੱਖ ਮੰਤਰੀ ਦੀ ਬਲਕਿ ਕਰਨਾਟਕ ਦੀ ਸਾਖ਼ ਨੂੰ ਵੀ ਸੱਟ ਵੱਜੀ ਹੈ। ਬੋਮਈ ਨੇ ਕਿਹਾ, ‘ਮੇਰਾ ਤੇ ਕਰਨਾਟਕ ਦਾ ਨਾਂ ਖ਼ਰਾਬ ਕਰਨ ਲਈ ਗਿਣੇ-ਮਿੱਥੇ ਤਰੀਕੇ ਨਾਲ ਸਾਜ਼ਿਸ਼ ਘੜੀ ਜਾ ਰਹੀ ਹੈ।’ ਬੋਮਈ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਪੋਸਟਰ ਲਾਉਣ ਵਾਲਿਆਂ ਦੀ ਸ਼ਨਾਖ਼ਤ ਕੀਤੀ ਜਾਵੇਗੀ। ਬੋਮਈ ਨੇ ਨਾਲ ਹੀ ਕਿਹਾ ਕਿ ‘ਸੋਸ਼ਲ ਮੀਡੀਆ ’ਤੇ ਬੇਬੁਨਿਆਦ ਮੁਹਿੰਮ ਚਲਾਈ ਜਾ ਰਹੀ ਹੈ। ਲੋਕ ਜਾਣਦੇ ਹਨ ਕਿ ਇਹ ਸਭ ਕੌਣ ਕਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਕੁਝ ਫ਼ਰਜ਼ੀ ਮੁਹਿੰਮਾਂ ਹਨ, ਜਿਨ੍ਹਾਂ ਹਾਲ ਹੀ ਵਿਚ ਜ਼ੋਰ ਫੜਿਆ ਹੈ। ਸੂਤਰਾਂ ਮੁਤਾਬਕ ਕਿਊਆਰ ਕੋਡ ਸਕੈਨ ਕਰਨ ’ਤੇ ਵਰਤੋਂਕਾਰ ਇਕ ਵੈੱਬਸਾਈਟ ਉਤੇ ਪਹੁੰਚ ਜਾਂਦਾ ਹੈ ਜੋ ਕਿ ਕਾਂਗਰਸ ਨੇ ਰਿਸ਼ਵਤਖੋਰੀ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਲਾਂਚ ਕੀਤੀ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ਵਿਚ ਕਾਂਗਰਸ ਨੇ ਸੱਤਾਧਾਰੀ ਭਾਜਪਾ ਖ਼ਿਲਾਫ਼ ਜ਼ੋਰਦਾਰ ਮੁਹਿੰਮ ਵਿੱਢੀ ਹੋਈ ਹੈ। ਕਾਂਗਰਸ ਦਾ ਦੋਸ਼ ਹੈ ਕਿ ਸਰਕਾਰੀ ਠੇਕੇ ਤੇ ਨੌਕਰੀਆਂ ਦੇਣ ’ਚ ਭ੍ਰਿਸ਼ਟਾਚਾਰ ਹੋ ਰਿਹਾ ਹੈ। ਹਾਲ ਹੀ ਵਿਚ ਠੇਕੇਦਾਰਾਂ ਦੇ ਇਕ ਸੰਗਠਨ ਨੇ ਦੋਸ਼ ਲਾਇਆ ਸੀ ਕਿ ਸਰਕਾਰੀ ਠੇਕੇ ਲੈਣ ਲਈ ਉਨ੍ਹਾਂ ਨੂੰ 40 ਪ੍ਰਤੀਸ਼ਤ ਕਮਿਸ਼ਨ ਦੇਣਾ ਪੈ ਰਿਹਾ ਹੈ। ਸਰਕਾਰ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। -ਪੀਟੀਆਈ