ਨਵੀਂ ਦਿੱਲੀ/ਬੰਗਲੁਰੂ, 29 ਅਕਤੂਬਰ
ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਦੀਵਾਲੀ ’ਤੇ ਪੱਤਰਕਾਰਾਂ ਨੂੰ ਇਕ-ਇਕ ਲੱਖ ਰੁਪਏ ਦੇ ਨਗ਼ਦ ਤੋਹਫ਼ੇ ਭੇਜ ਕੇ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਾਰਟੀ ਨੇ ਬੋਮਈ ਦਾ ਅਸਤੀਫ਼ਾ ਮੰਗਿਆ ਹੈ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ। ਉਨ੍ਹਾਂ ਇਸ ਨੂੰ ‘ਮੁੱਖ ਮੰਤਰੀ ਦਫ਼ਤਰ ਵੱਲੋਂ ਪੱਤਰਕਾਰਾਂ ਨੂੰ ਭੇਜੀ ਮਠਿਆਈ ਦੇ ਡੱਬਿਆਂ ਦੀ ਰਿਸ਼ਵਤ’ ਕਰਾਰ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਮੁਤਾਬਕ ਬੋਮਈ ਨੇ ਕਿਹਾ ਹੈ ਕਿ ਉਹ ਪੱਤਰਕਾਰਾਂ ਨੂੰ ਅਜਿਹੇ ‘ਨਗਦ ਤੋਹਫ਼ੇ’ ਭੇਜੇ ਜਾਣ ਤੋਂ ਅਣਜਾਣ ਹਨ। ਨਵੀਂ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਬੋਮਈ ਸਰਕਾਰ ਦਾ ਰਿਸ਼ਵਤ ਘੁਟਾਲਾ (ਬਰਾਈਬਗੇਟ) ਸਾਰਿਆਂ ਦੇ ਸਾਹਮਣੇ ਆ ਗਿਆ ਹੈ ਤੇ ਇਸ ਵਾਰ ਜ਼ਿੰਮੇਵਾਰੀ ਸਿੱਧੀ ਮੁੱਖ ਮੰਤਰੀ ਸਿਰ ਹੈ।’ ਉਨ੍ਹਾਂ ਕਿਹਾ ਕਿ ਇਸ ਵਾਰ ਬੋਮਈ ਨੇ ਸਾਜ਼ਿਸ਼ ਤਹਿਤ ਸ਼ਰੇਆਮ ਪੂਰੇ ਪੱਤਰਕਾਰ ਭਾਈਚਾਰੇ ਨੂੰ ਇਕ ਲੱਖ ਰੁਪਏ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੁਰਜੇਵਾਲਾ ਨੇ ਕਿਹਾ, ‘ਪੱਤਰਕਾਰਾਂ ਨੂੰ ਸਲਾਮ, ਜਿਨ੍ਹਾਂ ਖੁੱਲ੍ਹ ਕੇ ਇਸ ਇਸ ਕੰਮ ਦਾ ਪਰਦਾਫਾਸ਼ ਕੀਤਾ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ‘40 ਪ੍ਰਤੀਸ਼ਤ ਭ੍ਰਿਸ਼ਟ ਸਰਕਾਰ ਨੇ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਹੈ।’ -ਪੀਟੀਆਈ