ਬੰਗਲੂਰੂ, 8 ਮਾਰਚ
ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਅੱਜ ਸੂਬੇ ਦਾ ਸਾਲ 2021-22 ਲਈ ਬਜਟ ਪੇਸ਼ ਕੀਤਾ ਤੇ ਕਿਹਾ ਕਿ ਉਹ ਆਮ ਲੋਕਾਂ ’ਤੇ ਟੈਕਸਾਂ ਦਾ ਕੋਈ ਵਾਧੂ ਬੋਝ ਨਹੀਂ ਪਾਉਣ ਜਾ ਰਹੇ।
ਯੇਦੀਯੁਰੱਪਾ ਨੇ ਕਿਹਾ, ‘ਸਾਲ 2020-21 ਦੌਰਾਨ ਆਮ ਲੋਕਾਂ ਨੂੰ ਕੋਵਿਡ-19 ਮਹਾਮਾਰੀ ਕਾਰਨ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੋਈਆਂ ਹਨ। ਮੈਂ ਆਮ ਲੋਕਾਂ ’ਤੇ ਹੋਰ ਟੈਕਸਾਂ ਦਾ ਵਾਧੂ ਬੋਝ ਪਾਉਣ ਦੇ ਹੱਕ ’ਚ ਨਹੀਂ ਹਾਂ।’ ਉਨ੍ਹਾਂ ਵਿਧਾਨ ਸਭਾ ’ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਕਰਨਾਟਕ ਸੇਲਜ਼ ਟੈਕਸ ਲਗਾਇਆ ਹੈ ਅਤੇ ਇਹ ਪਹਿਲਾਂ ਹੀ ਦੱਖਣੀ ਭਾਰਤ ਦੇ ਹੋਰਨਾਂ ਸੂਬਿਆਂ ਨਾਲੋਂ ਘੱਟ ਹੈ। ਉਨ੍ਹਾਂ ਕਿਹਾ, ‘ਪੈਟਰੋਲ ਤੇ ਡੀਜ਼ਲ ’ਤੇ ਕਰਨਾਟਕ ਸਟੇਟ ਟੈਕਸ ਤੋਂ ਇਲਾਵਾ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਗਿਆ ਅਤੇ ਬਜਟ ਇਸ ਢੰਗ ਨਾਲ ਆਮ ਲੋਕਾਂ ’ਤੇ ਕੋਈ ਵਾਧੂ ਵਿੱਤੀ ਬੋਝ ਨਾ ਪਵੇ।’
ਉੱਧਰ ਮੁੱਖ ਮੰਤਰੀ ਵੱਲੋਂ ਬਜਟ ਪੇਸ਼ ਕੀਤੇ ਜਾਣ ਸਮੇਂ ਕਾਂਗਰਸ ਨੇ ਅੱਜ ਸਦਨ ਤੋਂ ਇਹ ਕਹਿੰਦਿਆਂ ਵਾਕਆਊਟ ਕਰ ਦਿੱਤਾ ਕਿ ਸੂਬੇ ’ਚ ਭਾਜਪਾ ਸਰਕਾਰ ਨੂੰ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਨੇ ਪੱਤਰਕਾਰਾਂ ਨੂੰ ਕਿਹਾ, ‘ਇਸ ਸਰਕਾਰ ਨੇ ਕਈ ਗੁਨਾਹ ਕੀਤੇ ਹਨ ਅਤੇ ਇਸ ਨੂੰ ਸੱਤਾ ’ਚ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਇਸ ਲਈ ਅਸੀਂ ਬਜਟ ਪੇਸ਼ ਕੀਤੇ ਜਾਣ ਖ਼ਿਲਾਫ਼ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਯੇਦੀਯੁਰੱਪਾ ਤੇ ਖਣਨ ਮੰਤਰੀ ਮੁਰੂਗੇਸ਼ ਨਿਰਾਨੀ ਬੰਗਲੂਰੂ ਦੇ ਦੇਵਨਹੱਲੀ ’ਚ ਕਰਨਾਟਕ ਇੰਡਸਟੀਅਲ ਖੇਤਰ ਵਿਕਾਸ ਬੋਰਡ ਦੀ ਜ਼ਮੀਨ ਵਾਪਸ ਲੈਣ ਲਈ ਫਰਜ਼ੀ ਦਸਤਾਵੇਜ਼ ਬਣਾਉਣ ਨਾਲ ਜੁੜੇ ਇੱਕ ਅਪਰਾਧਿਕ ਮਾਮਲੇ ’ਚ ਜ਼ਮਾਨਤ ’ਤੇ ਹਨ। -ਪੀਟੀਆਈ