ਹੁਬਲੀ, 24 ਅਪਰੈਲ
ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਥਿਤ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸ਼ਹਿਰ ’ਚ ਭੜਕੀ ਹਿੰਸਾ ਨੂੰ ਇੱਕ ‘ਵੱਡੀ ਸਾਜ਼ਿਸ਼’ ਕਰਾਰ ਦਿੰਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ। ਉਹ ਲੰਘੀ 16 ਅਪਰੈਲ ਨੂੰ ਸੋਸ਼ਲ ਮੀਡੀਆ ’ਤੇ ਇੱਕ ਇਤਰਾਜ਼ਯੋਗ ਪੋਸਟ ਸਾਹਮਣੇ ਆਉਣ ਮਗਰੋਂ ਇੱਥੇ ਅੱਗਜ਼ਨੀ ਤੇ ਹਿੰਸਾ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਬਾਰੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਹਨ। ਬੋਮਈ ਨੇ ਕਿਹਾ, ‘ਜੇਕਰ ਕਿਸੇ ਥਾਣੇ ’ਤੇ ਭੀੜ ਵੱਲੋਂ ਜਥੇਬੰਦਕ ਢੰਗ ਨਾਲ ਹਮਲਾ ਕੀਤਾ ਗਿਆ ਹੈ ਤਾਂ ਇਹ ਇੱਕ ਗੰਭੀਰ ਮਾਮਲਾ ਹੈ। ਅਸੀਂ ਵੱਖ ਵੱਖ ਜਥੇਬੰਦੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੇ ਹਾਂ। ਸਾਡੀ ਪੁਲੀਸ ਪਹਿਲਾਂ ਹੀ ਉਨ੍ਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਆਉਂਦੇ ਕੁਝ ਦਿਨਾਂ ਅੰਦਰ ਅਸੀਂ ਉਨ੍ਹਾਂ ਲੋਕਾਂ ਨੂੰ ਸਾਹਮਣੇ ਲਿਆਵਾਂਗੇ ਜੋ ਇਸ ਘਟਨਾ ਦੇ ਪਿੱਛੇ ਸਨ।’ ਇਹ ਪੁੱਛੇ ਜਾਣ ’ਤੇ ਕਿ ਕੀ ਸਰਕਾਰ ਬੁਲਡੋਜ਼ਰ ਚਲਾਉਣ ਵਰਗੀ ਕਾਰਵਾਈ ਕਰੇਗੀ ਤਾਂ ਬੋਮਈ ਨੇ ਕਿਹਾ ਕਿ ਕਾਰਵਾਈ ਦੇ ਕਈ ਢੰਗ ਹਨ। -ਪੀਟੀਆਈ