ਰਾਮਨਗਰ (ਕਰਨਾਟਕ), 13 ਜਨਵਰੀ
ਕਾਂਗਰਸ ਦੀ ਕਰਨਾਟਕ ਇਕਾਈ ਨੇ ਕੋਵਿਡ-19 ਸਬੰਧੀ ਚਿੰਤਾਵਾਂ ਕਾਰਨ ਅਤੇ ਜਨ ਸਿਹਤ ਦੇ ਹਿੱਤ ਵਿਚ ਆਪਣੀ ਮੇਕੇਦਾਤੂ ਪਦਯਾਤਰਾ ਅਸਥਾਈ ਤੌਰ ’ਤੇ ਰੋਕਣ ਦਾ ਫ਼ੈਸਲਾ ਲਿਆ ਹੈ। ਸੂਬੇ ਦੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਿੱਧਾਰਮਈਆ ਨੇ ਅੱਜ ਇਹ ਜਾਣਕਾਰੀ ਦਿੱਤੀ।
ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਸਤੇ ਪਦਯਾਤਰਾ ਨਹੀਂ ਰੋਕ ਰਹੀ ਕਿ ਉਸ ਨੂੰ ਆਪਣੇ ਆਗੂਆਂ ਖ਼ਿਲਾਫ਼ ਕੇਸ ਦਰਜ ਹੋਣ ਦਾ ਡਰ ਹੈ ਜਾਂ ਭਾਜਪਾ ਸਰਕਾਰ ਨੇ ਇਸ ’ਤੇ ਰੋਕ ਲਾਉਣ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦੇ ਧੀਮੀ ਪੈਣ ਅਤੇ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ’ਤੇ ਪਦਯਾਤਰਾ ਮੁੜ ਸ਼ੁਰੂ ਕੀਤੀ ਜਾਵੇਗੀ।
ਸਿੱਧਾਰਮਈਆ ਨੇ ਕਿਹਾ, ‘‘ਸਾਨੂੰ ਕਰਨਾਟਕ ਵਿਚ ਲੋਕਾਂ ਦੀ ਸਿਹਤ ਦੀ ਚਿੰਤਾ ਹੈ, ਇਹ ਦੇਖਣਾ ਸਾਡੀ ਜ਼ਿੰਮੇਵਾਰੀ ਹੈ ਕਿ ਸਾਡੀ ਪਦਯਾਤਰਾ ਕਰ ਕੇ ਕੋਵਿਡ ਨਾ ਫੈਲੇ, ਸਾਰੇ ਲੋੜੀਂਦੇ ਉਪਾਅ ਕਰਨ ਦੇ ਬਾਜਵੂਦ ਸਾਨੂੰ ਚਿੰਤਾ ਹੈ, ਇਸ ਵਾਸਤੇ ਅਸੀਂ ਅੱਜ ਚਰਚਾ ਕੀਤੀ। ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਲੱਗੇ ਕਿ ਕੋਵਿਡ ਦੀ ਵਿਗੜਦੀ ਸਥਿਤੀ ਲਈ ਅਸੀਂ ਜ਼ਿੰਮੇਵਾਰ ਹਾਂ।’’ ਪਾਰਟੀ ਆਗੂਆਂ ਅਤੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਮੀਡੀਆ ਨਾਲ ਇੱਥੇ ਗੱਲਬਾਤ ਦੌਰਾਨ ਕਾਂਗਰਸੀ ਆਗੂ ਨੇ ਕਿਹਾ ਕਿ ਪਦਯਾਤਰਾ ਭਲਕੇ ਸ਼ਾਮ ਤੱਕ ਬੰਗਲੌਰ ਪਹੁੰਚਣੀ ਸੀ, ਜਿੱਥੇ ਕੋਵਿਡ ਦੇ ਮਾਮਲੇ ਬਹੁਤ ਜ਼ਿਆਦਾ ਹਨ।
ਉਨ੍ਹਾਂ ਕਿਹਾ, ‘‘ਇਸ ਵਾਸਤੇ ਅਸੀਂ ਇਸ ਪਦਯਾਤਰਾ ਨੂੰ ਇੱਥੇ ਹੀ ਅਸਥਾਈ ਤੌਰ ’ਤੇ ਰੋਕਣ ਦਾ ਫ਼ੈਸਲਾ ਲਿਆ ਹੈ। ਇਕ ਵਾਰ ਜਦੋਂ ਤੀਜੀ ਲਹਿਰ ਧੀਮੀ ਹੋ ਜਾਵੇਗੀ ਅਤੇ ਕੋਵਿਡ-19 ਸਬੰਧੀ ਨੇਮਾਂ ਵਿਚ ਢਿੱਲ ਦਿੱਤੀ ਜਾਵੇਗੀ ਤਾਂ ਅਸੀਂ ਰਾਮਨਗਰ ਤੋਂ ਬਾਕੀ ਪਦਯਾਤਰਾ ਸ਼ੁਰੂ ਕਰਾਂਗੇ।’’ -ਪੀਟੀਆਈ