ਬਾਗਲਕੋਟ (ਕਰਨਾਟਕ), 6 ਜੁਲਾਈ
ਹੂੰਗੁੰਡ ਜ਼ਿਲ੍ਹੇ ਵਿੱਚ ਇੱਕ 56 ਸਾਲਾ ਕਿਸਾਨ ਦੀ ਕਰਨਾਟਕ ਦੇ ਉਪ ਮੁੱਖ ਮੰਤਰੀ ਲਕਸ਼ਮਣ ਸਾਵਦੀ ਦੇ ਪੁੱਤਰ ਦੀ ਕਾਰ ਨਾਲ ਟਕਰਾਉਣ ਕਾਰਨ ਮੌਤ ਹੋ ਗਈ। ਪੀੜਤ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਹਾਦਸੇ ਸਮੇਂ ਉਪ ਮੁੱਖ ਮੰਤਰੀ ਦਾ ਪੁੱਤਰ ਚੀਦਾਨੰਦ ਸਾਵਦੀ ਕਾਰ ਚਲਾ ਰਿਹਾ ਸੀ ਅਤੇ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਹਾਦਸੇ ਦੀ ਬਣਾਈ ਵੀਡੀਓ ਡਿਲੀਟ ਕਰਨ ਲਈ ਕਿਹਾ ਸੀ, ਜਿਸ ਵਿੱਚ ਉਸ ਦਾ ਚਿਹਰਾ ਨਜ਼ਰ ਆ ਰਿਹਾ ਸੀ।
ਹਾਲਾਂਕਿ ਸਾਵਦੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੁਲੀਸ ਮੁਤਾਬਕ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨ ਕੁਡਲੇਪਾ ਬੋਲੀ ਸੋਮਵਾਰ ਸ਼ਾਮ ਨੂੰ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। -ਪੀਟੀਆਈ