ਬੰਗਲੁਰੂ/ਨਵੀਂ ਦਿੱਲੀ, 14 ਅਗਸਤ
ਕਾਂਗਰਸ ਨੇ ਕਰਨਾਟਕ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਬਾਰੇ ਅਖਬਾਰ ਵਿੱਚ ਦਿੱਤੇ ਇਸ਼ਤਿਹਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਸ਼ਾਮਲ ਨਾ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਭਾਜਪਾ ਸਰਕਾਰ ਦੀ ਅਜਿਹੀ ਕਾਰਵਾਈ ਨੂੰ ‘ਤਰਸਯੋਗ’ ਕਰਾਰ ਦਿੱਤਾ ਹੈ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮੱਈਆ ਨੇ ਮੁੱਖ ਮੰਤਰੀ ਬਸਵਰਾਜ ਬੋਮਈ ਦੀ ਤੁਲਨਾ ਆਰਐਸਐਸ ਦੇ ਗੁਲਾਮ ਵਜੋਂ ਕੀਤੀ ਹੈ। ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਵਿੱਚ ਪਾਰਟੀ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਲਈ ਭਾਜਪਾ ਦੀ ਨਫ਼ਰਤ ਸਿਖਰ ’ਤੇ ਪਹੁੰਚ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਕਾਰਾ ਉਸ ਦੇ ਪਿਤਾ ਐਸ ਆਰ ਬੋਮਈ ਅਤੇ ਉਸ ਦੇ ਪਿਤਾ ਦੇ ਪਹਿਲੇ ਰਾਜਨੀਤਕ ਗੁਰੂ ਐਮ ਐਨ ਰਾਏ ਦਾ ਅਪਮਾਨ ਹੈ ਜੋ ਨਹਿਰੂ ਦੇ ਪ੍ਰਸ਼ੰਸਕ ਰਹੇ ਹਨ।-ਪੀਟੀਆਈ