ਨਵੀਂ ਦਿੱਲੀ, 17 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੂਲ ਦੀ ਕਿਤਾਬ ਵਿੱਚੋਂ ਸ਼ਹੀਦੇ ਆਜ਼ਮ ਭਗਤ ਸਿੰਘ ਬਾਰੇ ਪਾਠ ਨੂੰ ਹਟਾਉਣ ਲਈ ਕਰਨਾਟਕ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਮਹਾਨ ਆਜ਼ਾਦੀ ਘੁਲਾਟੀਏ ਦੀ ਸ਼ਹਾਦਤ ਦਾ ਅਪਮਾਨ ਹੈ ਅਤੇ ਕਰਨਾਟਕ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਟਵੀਟ ਕੀਤਾ ਕਿ ਦੇਸ਼ ਆਪਣੇ ਸ਼ਹੀਦਾਂ ਦਾ ਇਸ ਤਰ੍ਹਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰੇਗਾ।
ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਉਸ ਦੇ ਲੋਕ ਭਗਤ ਸਿੰਘ ਨੂੰ ਇੰਨੀ ਨਫ਼ਰਤ ਕਿਉਂ ਕਰਦੇ ਹਨ। ਆਲ ਇੰਡੀਆ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ (ਏਆਈਡੀਐੱਸਓ) ਅਤੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ (ਏਆਈਐੱਸਈਸੀ) ਸਮੇਤ ਕੁਝ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਕਰਨਾਟਕ ਸਰਕਾਰ ਨੇ ਸਕੂਲ ਦੀ ਕਿਤਾਬ ਵਿੱਚੋਂ ਭਗਤ ਸਿੰਘ ਬਾਰੇ ਪਾਠ ਹਟਾ ਦਿੱਤਾ ਹੈ ਅਤੇ 10ਵੀਂ ਜਮਾਤ ਦੀ ਸੋਧੀ ਕੰਨੜ ਕਿਤਾਬ ਵਿੱਚ ਆਰਐੱਸਐੱਸ ਸੰਸਥਾਪਕ ਕੇਸ਼ਵ ਬਲੀਰਾਮ ਹੇਡਗੇਵਾਰ ਦਾ ਭਾਸ਼ਨ ਸ਼ਾਮਲ ਹੈ।