ਬੰਗਲੂਰੂ, 15 ਜੂਨ
ਕਰਨਾਟਕ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਭੀਮਾਗੌੜਾ ਸੰਗਨਗੌੜਾ ਪਾਟਿਲ ਨੇ ਅੱਜ ਸੂਬੇ ਦੇ ਨਵੇਂ ਲੋਕਾਯੁਕਤ ਵਜੋਂ ਸਹੁੰ ਚੁੱਕੀ। ਸੂਬੇ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਰਾਜ ਭਵਨ ਵਿੱਚ ਕਰਵਾਏ ਗਏ ਇਕ ਸਮਾਰੋਹ ਦੌਰਾਨ ਉਨ੍ਹਾਂ ਨੂੰ ਸਹੁੰ ਚੁਕਾਈ। ਉਨ੍ਹਾਂ ਕੰਨੜ ਭਾਸ਼ਾ ਵਿੱਚ ਸਹੁੰ ਚੁੱਕੀ। ਜਸਟਿਸ ਪਾਟਿਲ ਦੀ ਲੋਕਾਯੁਕਤ ਵਜੋਂ ਨਿਯੁਕਤੀ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ ਸੀ। ਜਸਟਿਸ ਪਾਟਿਲ ਅਜੇ ਉਪਲੋਕਾਯੁਕਤ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਕਰਨਾਟਕ ਹਾਈ ਕੋਰਟ ਦੇ ਚੀਫ਼ ਜਸਟਿਸ, ਕਰਨਾਟਕ ਵਿਧਾਨਕ ਕੌਂਸਲ ਦੇ ਚੇਅਰਮੈਨ, ਕਰਨਾਟਕ ਵਿਧਾਨ ਸਭ ਦੇ ਸਪੀਕਰ ਅਤੇ ਦੋਹਾਂ ਸੂਬਾਈ ਸਦਨਾਂ ਦੀ ਵਿਰੋਧੀ ਧਿਰ ਦੇ ਆਗੂਆਂ ਨਾਲ ਮਸ਼ਵਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਜਸਟਿਸ ਪਾਟਿਲ ਦੀ ਲੋਕਾਯੁਕਤ ਵਜੋਂ ਨਿਯੁਕਤੀ ਕਰਨ ਦੀ ਸਿਫ਼ਾਰਸ਼ ਕੀਤੀ ਸੀ। -ਪੀਟੀਆਈ