ਸ਼ਿਵਾਮੋਗਾ: ਉਡੁਪੀ ’ਚ ਇੱਕ ਸਿਵਲ ਠੇਕੇਦਾਰ ਦੀ ਮੌਤ ਦੇ ਮਾਮਲੇ ’ਚ ਖੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਰਨਾਟਕ ਦੇ ਮੰਤਰੀ ਕੇਸੀ ਈਸ਼ਵਰੱਪਾ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਈਸ਼ਵਰੱਪਾ ਨੇ ਕਿਹਾ, ‘ਮੈਂ ਕਰਨਾਟਕ ਸਰਕਾਰ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਵਜੋਂ ਸੇਵਾ ਨਿਭਾਈ ਹੈ। ਮੈਂ ਅੱਜ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫ਼ੈਸਲਾ ਕੀਤਾ ਹੈ।’ ਉਨ੍ਹਾਂ ਕਿਹਾ ਕਿ ਉਹ ਭਲਕੇ ਆਪਣਾ ਅਸਤੀਫਾ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਭੇਜ ਦੇਣਗੇ। ਠੇਕੇਦਾਰ ਸੰਤੋਸ਼ ਕੇ ਪਾਟਿਲ ਦੀ ਖੁਦਕੁਸ਼ੀ ਦੇ ਮਾਮਲੇ ’ਚ ਬੀਤੇ ਦਿਨ ਮੰਤਰੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪਾਟਿਲ ਦੀ ਲਾਸ਼ ਇੱਕ ਹੋਟਲ ’ਚੋਂ ਮਿਲੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਮੰਤਰੀ ਤੇ ਉਨ੍ਹਾਂ ਦੇ ਕਰੀਬੀ ਬੇਲਗਾਵੀ ਦੇ ਹਿੰਦਲਗਾ ਪਿੰਡ ’ਚ ਇੱਕ ਨਿਰਮਾਣ ਕਾਰਜ ਪੂਰਾ ਕਰਨ ਲਈ 40 ਫੀਸਦ ਕਮਿਸ਼ਨ ਮੰਗ ਰਹੇ ਸਨ। ਈਸ਼ਵਰੱਪਾ ਨੇ ਕਿਹਾ, ‘ਮੈਂ ਅਸਤੀਫਾ ਇਸ ਲਈ ਦੇਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਮੈਂ ਉਨ੍ਹਾਂ ਲੋਕਾਂ ਨੂੰ ਕਸੂਤੀ ਹਾਲਤ ’ਚ ਫਸਾਉਣਾ ਨਹੀਂ ਚਾਹੁੰਦਾ ਜਿਨ੍ਹਾਂ ਇੱਥੇ ਤੱਕ ਪਹੁੰਚਣ ’ਚ ਮੇਰੀ ਮਦਦ ਕੀਤੀ।’ਇਸੇ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸਪੱਸ਼ਟ ਕੀਤਾ ਕਿ ਈਸ਼ਵਰੱਪਾ ਦੇ ਅਸਤੀਫੇ ਦਾ ਫ਼ੈਸਲਾ ਉਨ੍ਹਾਂ ਦਾ ਆਪਣਾ ਹੈ ਤੇ ਇਸ ਪਿੱਛੇ ਪਾਰਟੀ ਹਾਈ ਕਮਾਨ ਦਾ ਕੋਈ ਦਬਾਅ ਨਹੀਂ ਹੈ। ਦੂਜੇ ਪਾਸੇ ਕਾਂਗਰਸ ਵੱਲੋਂ ਕਰਨਾਟਕ ਸਰਕਾਰ ’ਤੇ ਈਸ਼ਵਰੱਪਾ ਦੀ ਗ੍ਰਿਫ਼ਤਾਰੀ ਲਈ ਦਬਾਅ ਬਣਾਇਆ ਜਾ ਰਿਹਾ ਹੈ। ਕਾਂਗਰਸ ਨੇ ਕਿਹਾ ਕਿ ਜਦੋਂ ਤੱਕ ਈਸ਼ਵਰੱਪਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਅਤੇ ਉਸ ਖ਼ਿਲਾਫ਼ ਕਤਲ ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਠੇਕੇਦਾਰ ਸੰਤੋਸ਼ ਪਾਟਿਲ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਈਸ਼ਵਰੱਪਾ ਦੇ ਅਸਤੀਫੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਈਸ਼ਵਰੱਪਾ ਦੇ ਅਸਤੀਫੇ ਦੀ ਮੰਗ ਕਰਦੇ ਹਨ। -ਪੀਟੀਆਈ