ਨਵੀਂ ਦਿੱਲੀ, 20 ਮਈ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਬੱਚਿਆਂ ਨੂੰ ਨਵੋਦਿਆ ਵਿਦਿਆਲਿਆਂ ’ਚ ਮੁਫ਼ਤ ਸਿੱਖਿਆ ਦੇਣ ਬਾਰੇ ਵਿਚਾਰ ਕੀਤਾ ਜਾਵੇ ਜਿਨ੍ਹਾਂ ਕਰੋਨਾ ਮਹਾਮਾਰੀ ਕਾਰਨ ਆਪਣੇ ਮਾਪੇ ਜਾਂ ਫਿਰ ਇਨ੍ਹਾਂ ’ਚੋਂ ਕਿਸੇ ਅਜਿਹੇ ਇੱਕ ਨੂੰ ਗੁਆਇਆ ਹੈ, ਜੋ ਘਰ ’ਚ ਕਮਾਊ ਹੋਵੇ।
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਇਹ ਵੀ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਬਿਹਤਰ ਭਵਿੱਖ ਦੀ ਉਮੀਦ ਦੇਣਾ ਇੱਕ ਮੁਲਕ ਵਜੋਂ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੋਨੀਆ ਨੇ ਕਿਹਾ, ‘ਕਰੋਨਾ ਮਹਾਮਾਰੀ ਦੀ ਭਿਆਨਕ ਸਥਿਤੀ ਵਿਚਾਲੇ ਕਈ ਬੱਚਿਆਂ ਦੇ ਆਪਣੇ ਮਾਪਿਆਂ ’ਚੋਂ ਇੱਕ ਜਾਂ ਫਿਰ ਦੋਵਾਂ ਦੇ ਗੁਆਉਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਬੱਚੇ ਸਦਮੇ ’ਚ ਹਨ ਅਤੇ ਇਨ੍ਹਾਂ ਦੀ ਮੁਕੰਮਲ ਸਿੱਖਿਆ ਤੇ ਭਵਿੱਖ ਲਈ ਕੋਈ ਮਦਦ ਮੁਹੱਈਆ ਨਹੀਂ ਹੈ।’ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਰਜਕਾਲ ’ਚ ਸ਼ੁਰੂ ਕੀਤੇ ਗਏ ਨਵੋਦਿਆ ਵਿਦਿਆਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਸਮੇਂ ਦੇਸ਼ ’ਚ 661 ਨਵੋਦਿਆ ਵਿਦਿਆਲੇ ਚੱਲ ਰਹੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹੇ ਬੱਚਿਆਂ ਨੂੰ ਇਨ੍ਹਾਂ ਨਵੋਦਿਆ ਵਿਦਿਆਲਿਆਂ ’ਚ ਮੁਫ਼ਤ ਸਿੱਖਿਆ ਦੇਣ ਬਾਰੇ ਵਿਚਾਰ ਕੀਤਾ ਜਾਵੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸੋਨੀਆ ਗਾਂਧੀ ਵੱਲੋਂ ਦਿੱਤੇ ਸੁਝਾਅ ਸੁਣਨੇ ਚਾਹੀਦੇ ਹਨ। ਉੱਧਰ ਭਾਜਪਾ ਨੇ ਕਿਹਾ ਕਿ ਅਨਾਥ ਬੱਚਿਆਂ ਦੀ ਸੰਭਾਲ ਕਰਨ ਦਾ ਸੋਨੀਆ ਗਾਂਧੀ ਦਾ ਵਿਚਾਰ ਪੁਰਾਣਾ ਤੇ ਨਕਲ ਕੀਤਾ ਹੋਇਆ ਹੈ। ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ, ‘ਕਾਂਗਰਸ ਦੀ ਅਗਵਾਈ ਵਾਲੀਆਂ ਰਾਜ ਸਰਕਾਰਾਂ ਨੂੰ ਛੱਡ ਕੇ ਹੋਰ ਰਾਜ ਸਰਕਾਰਾਂ ਇਹ ਕਰ ਰਹੀਆਂ ਹਨ।’ -ਪੀਟੀਆਈ