ਨਵੀਂ ਦਿੱਲੀ, 18 ਮਈ
ਸੀਬੀਆਈ ਨੇ 50 ਲੱਖ ਰੁਪਏ ਦੇ ਕਥਿਤ ਰਿਸ਼ਵਤਖੋਰੀ ਕੇਸ ਦੇ ਸਬੰਧ ’ਚ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਦੇ ਨੇੜਲੇ ਸਾਥੀ ਐੱਸ ਭਾਸਕਰਰਾਮਨ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਕਾਰਤੀ ਉੱਤੇ ਤਲਵੰਡੀ ਸਾਬੋ ਪਾਵਰ ਲਿਮਟਿਡ ’ਚ ਕੰਮ ਕਰਨ ਵਾਸਤੇ 263 ਚੀਨੀ ਨਾਗਰਿਕਾਂ ਨੂੰ ਵੀਜ਼ੇ ਦਿਵਾਉਣ ਸਬੰਧੀ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ। ਸੀਬੀਆਈ ਨੇ ਭਾਸਕਰਰਾਮਨ ਤੋਂ ਮੰਗਲਵਾਰ ਦੇਰ ਰਾਤ ਪੁੱਛ-ਪੜਤਾਲ ਸ਼ੁਰੂ ਕੀਤੀ ਸੀ ਅਤੇ ਬੁੱਧਵਾਰ ਤੜਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਾਂਚ ਏਜੰਸੀ ਨੇ ਕਿਹਾ ਕਿ ਭਾਸਕਰਰਾਮਨ ਕੋਲ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਤਤਕਾਲੀ ਸਹਾਇਕ ਮੀਤ ਪ੍ਰਧਾਨ ਵਿਕਾਸ ਮਖਾਰੀਆ ਵੱਲੋਂ ਪਹੁੰਚ ਕੀਤੀ ਗਈ ਸੀ ਤਾਂ ਜੋ ਪਾਵਰ ਪਲਾਂਟ ’ਚ ਕੰਮ ਕਰਨ ਲਈ 263 ਚੀਨੀ ਕਾਮਿਆਂ ਦੇ ਵੀਜ਼ੇ ਜਾਰੀ ਕਰਵਾਏ ਜਾ ਸਕਣ। ਸੀਬੀਆਈ ਵੱਲੋਂ ਦਰਜ ਕੀਤੀ ਗਈ ਐੱਫਆਈਆਰ ’ਚ ਕਿਹਾ ਗਿਆ ਹੈ ਕਿ ਮਖਾਰੀਆ ਨੇ ਭਾਸਕਰਰਾਮਨ ਰਾਹੀਂ ਕਾਰਤੀ ਤੱਕ ਪਹੁੰਚ ਬਣਾਈ ਸੀ। ਅਧਿਕਾਰੀਆਂ ਨੇ ਕਿਹਾ ਕਿ ਪ੍ਰਾਜੈਕਟ ਵੀਜ਼ਿਆਂ ਦੀ ਤੈਅ ਹੱਦ ਦਾ ਤੋੜ ਕੱਢਣ ਲਈ ਚੋਰ ਮੋਰੀ ਲੱਭੀ ਗਈ। ਪ੍ਰਾਜੈਕਟ ਵੀਜ਼ੇ ਪਾਵਰ ਅਤੇ ਸਟੀਲ ਸੈਕਟਰ ਲਈ 2010 ’ਚ ਸ਼ੁਰੂ ਕੀਤੇ ਗਏ ਸਨ ਜਿਸ ਵਾਸਤੇ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਪਰ ਪ੍ਰਾਜੈਕਟ ਵੀਜ਼ੇ ਮੁੜ ਜਾਰੀ ਕਰਨ ਬਾਰੇ ਕੋਈ ਪ੍ਰਬੰਧ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਮਖਾਰੀਆ ਨੇ 30 ਜੂਨ, 2011 ’ਚ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਆਪਣੀ ਕੰਪਨੀ ਲਈ ਅਲਾਟ ਕੀਤੇ ਪ੍ਰਾਜੈਕਟ ਵੀਜ਼ੇ ਮੁੜ ਵਰਤਣ ਦੀ ਪ੍ਰਵਾਨਗੀ ਲਈ ਚਿੱਠੀ ਲਿਖੀ ਜਿਸ ਨੂੰ ਇਕ ਮਹੀਨੇ ਦੇ ਅੰਦਰ ਪ੍ਰਵਾਨਗੀ ਮਿਲ ਗਈ ਸੀ। -ਪੀਟੀਆਈ