ਨਵੀਂ ਦਿੱਲੀ, 23 ਜੁਲਾਈ
ਕਸ਼ਮੀਰ ਵਾਦੀ ਨਾਲ ਸਬੰਧਤ 25 ਤੋਂ ਵੱਧ ਲੋਕਾਂ ਦੇ ਫੋਨ ਨੰਬਰ ਵੀ ਇਜ਼ਰਾਇਲੀ ਕੰਪਨੀ ਐਨਐਸਓ ਦੇ ਸੌਫਟਵੇਅਰ (ਜਾਸੂਸੀ ਸੌਫਟਵੇਅਰ) ‘ਪੈਗਾਸਸ’ ਨਾਲ ਜਾਸੂਸੀ ਕਰਨ ਲਈ ਚੁਣੇ ਗਏ ਸਨ। ਫੌਰੈਂਸਿਕ ਸਬੂਤ ਦੱਸਦੇ ਹਨ ਕਿ ‘ਪੈਗਾਸਸ’ ਦੀ ਵਰਤੋਂ ਕਰ ਕੇ ਕਸ਼ਮੀਰ ਵਿਚ ਫੋਨ ਨੰਬਰਾਂ ਦੀ ਜਾਸੂਸੀ ਕਰਨ ਦੇ ਯਤਨ ਕੀਤੇ ਗਏ ਹਨ। ਦਿੱਲੀ ਅਧਾਰਿਤ ਇਕ ਕਸ਼ਮੀਰੀ ਪੱਤਰਕਾਰ ਤੇ ਇਕ ਉੱਘਾ ਸਮਾਜਿਕ ਕਾਰਕੁਨ ਵੀ ਜਾਸੂਸੀ ਦੇ ਘੇਰੇ ਵਿਚ ਆਇਆ ਹੈ ਜੋ ਕਿ ਜੰਮੂ ਕਸ਼ਮੀਰ ਬਾਰੇ ਸਰਕਾਰੀ ਨੀਤੀ ਦਾ ਆਲੋਚਕ ਰਿਹਾ ਹੈ। 25 ਤੋਂ ਵੱਧ ਨੰਬਰ ਅਜਿਹੇ ਹਨ ਜਿਨ੍ਹਾਂ ਨੂੰ 2017 ਤੋਂ 2019 ਦੇ ਅੱਧ ਤੱਕ ‘ਪੈਗਾਸਸ’ ਦੇ ਘੇਰੇ ਵਿਚ ਲਿਆਉਣ ਲਈ ਚੁਣਿਆ ਗਿਆ ਸੀ। ਇਨ੍ਹਾਂ ਦੀ ਚੋਣ ਕਿਸੇ ਭਾਰਤੀ ਏਜੰਸੀ ਨੇ ਕੀਤੀ ਸੀ ਜੋ ਕਿ ਐਨਐਸਓ ਦੀਆਂ ਸੇਵਾਵਾਂ ਲੈਂਦੀ ਹੈ। ਦੱਸਣਯੋਗ ਹੈ ਕਿ ਨੰਬਰਾਂ ਦਾ ਜਿਹੜਾ ਡੇਟਾਬੇਸ ਲੀਕ ਹੋਇਆ ਹੈ ਉਸ ਦੀ ਖ਼ਬਰ ਵੈੱਬਸਾਈਟ ‘ਦਿ ਵਾਇਰ’ ਨੇ ਸਮੀਖਿਆ ਕੀਤੀ ਹੈ। ਫਰਾਂਸ ਅਧਾਰਿਤ ਸੰਗਠਨ ‘ਫੌਰਬਿਡਨ ਸਟੋਰੀਜ਼’ ਤੇ ਮਨੁੱਖੀ ਹੱਕ ਸੰਗਠਨ ‘ਐਮਨੈਸਟੀ ਇੰਟਰਨੈਸ਼ਨਲ’ ਕੋਲ 50 ਹਜ਼ਾਰ ਫੋਨ ਨੰਬਰਾਂ ਦੀ ਇਕ ਸੂਚੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਨੰਬਰ ਦਸ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਜਾਸੂਸੀ ਕਰਨ ਲਈ ਚੁਣੇ ਗਏ ਸਨ। ਕਸ਼ਮੀਰ ਦੇ ਪ੍ਰਮੁੱਖ ਵੱਖਵਾਦੀ ਆਗੂਆਂ, ਸਿਆਸਤਦਾਨਾਂ, ਮਨੁੱਖੀ ਹੱਕ ਕਾਰਕੁਨਾਂ, ਪੱਤਰਕਾਰਾਂ ਤੇ ਕਾਰੋਬਾਰੀਆਂ ਦੇ ਨੰਬਰ ਇਸ ਸੂਚੀ ਵਿਚ ਮਿਲੇ ਹਨ। ਇਨ੍ਹਾਂ ਵਿਚੋਂ ‘ਦਿ ਵਾਇਰ’ ਨੇ ਵੱਖਵਾਦੀ ਆਗੂ ਬਿਲਾਲ ਲੋਨ ਤੇ ਦਿੱਲੀ ਯੂਨੀਵਰਸਿਟੀ ਵਿਚ ਲੈਕਚਰਾਰ ਰਹੇ ਮਰਹੂਮ ਐਸ.ਏ.ਆਰ. ਗਿਲਾਨੀ ਦੇ ਨੰਬਰਾਂ ਦਾ ਫੌਰੈਂਸਿਕ ਅਧਿਐਨ ਕਰਵਾਇਆ ਹੈ। ਲੋਨ ਦਾ ਫੋਨ ਡੇਟਾ ‘ਐਮਨੈਸਟੀ’ ਦੀ ਸਕਿਉਰਿਟੀ ਲੈਬ ਨੇ ਜਾਂਚਿਆ ਹੈ ਤੇ ਫੋਨ ‘ਪੈਗਾਸਸ’ ਦੇ ਨਿਸ਼ਾਨੇ ਉਤੇ ਹੋਣ ਦੇ ਸਬੂਤ ਮਿਲੇ ਹਨ। ਗਿਲਾਨੀ ਦੇ ਫੋਨ ਦੀ ਜਾਸੂਸੀ ਹੋਣ ਦੇ ਸਪੱਸ਼ਟ ਸੰਕੇਤ ਮਿਲੇ ਹਨ ਜੋ ਕਿ ਫਰਵਰੀ 2018 ਤੇ ਜਨਵਰੀ 2019 ਵਿਚਾਲੇ ਕਰਵਾਈ ਗਈ। ਸੂਚੀ ਵਿਚ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਦੇ ਪਰਿਵਾਰ ਦੇ ਦੋ ਮੈਂਬਰਾਂ ਦੇ ਨੰਬਰ ਵੀ ਸ਼ਾਮਲ ਹਨ। ਸੂਬੇ ਦੀ ‘ਅਪਨੀ ਪਾਰਟੀ’ ਦੇ ਪ੍ਰਧਾਨ ਅਲਤਾਫ਼ ਬੁਖਾਰੀ ਦੇ ਭਰਾ ਤਾਰਿਕ ਬੁਖਾਰੀ ਦਾ ਨੰਬਰ ਵੀ ਸੂਚੀ ਵਿਚ ਮੌਜੂਦ ਹੈ। ਇਸ ਤੋਂ ਇਲਾਵਾ ਕਸ਼ਮੀਰ ਦੇ ਪ੍ਰਮੁੱਖ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੇ ਨੰਬਰ ਵੀ ਸੂਚੀ ਵਿਚ ਹਨ। ਹੁਰੀਅਤ ਕਾਨਫਰੰਸ ਮੁਖੀ ਮੀਰਵਾਈਜ਼ ਉਮਰ ਫਾਰੂਕ ਦਾ ਨੰਬਰ ਵੀ ਸੂਚੀ ਵਿਚ ਮੌਜੂਦ ਹੈ। ਫਾਰੂਕ ਦੇ ਇਕ ਸੀਨੀਅਰ ਸਹਿਯੋਗੀ ਨੇ ਕਿਹਾ ਕਿ ਅਜਿਹਾ ਕੀਤਾ ਜਾਣਾ ਉਨ੍ਹਾਂ ਦੀ ‘ਨਿੱਜਤਾ ਤੇ ਬੁਨਿਆਦੀ ਹੱਕਾਂ ਦਾ ਘਾਣ’ ਕਰਨ ਦੇ ਬਰਾਬਰ ਹੈ। ਇਸ ਤੋਂ ਇਲਾਵਾ ਸੂਚੀ ਵਿਚ ਮਨੁੱਖੀ ਹੱਕ ਕਾਰਕੁਨ ਵੱਕਾਰ ਭੱਟੀ, ਇੰਡੀਅਨ ਐਕਸਪ੍ਰੈੱਸ, ਹਿੰਦੁਸਤਾਨ ਟਾਈਮਜ਼, ਡੀਐਨਏ ਤੇ ਪੀਟੀਆਈ ਦੇ ਮੌਜੂਦਾ ਤੇ ਸਾਬਕਾ ਪੱਤਰਕਾਰਾਂ ਦੇ ਨੰਬਰ ਵੀ ਮਿਲੇ ਹਨ। ਇਹ ਸਾਰੇ ਕਸ਼ਮੀਰੀ ਪੱਤਰਕਾਰ ਹਨ। ‘ਦਿ ਵਾਇਰ’ ਨੇ ਹਵਾਲਾ ਦਿੱਤਾ ਹੈ ਕਿ ਸੂਚੀ ਵਿਚ ਮਿਲੇ ਨੰਬਰ ਜਾਸੂਸੀ ਲਈ ਚੁਣੇ ਗਏ ਹੋ ਸਕਦੇ ਹਨ ਪਰ ਇਨ੍ਹਾਂ ਨੂੰ ਯਕੀਨੀ ਤੌਰ ’ਤੇ ਨਿਸ਼ਾਨਾ ਬਣਾਇਆ ਗਿਆ ਹੋਵੇ, ਇਹ ਜ਼ਰੂਰੀ ਨਹੀਂ ਹੈ।