ਨਵੀਂ ਦਿੱਲੀ: ਇੱਥੇ ਹਵਾਈ ਅੱਡੇ ’ਤੇ ਅੱਜ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਪੁਲੀਸ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੰਦਿਆਂ ਇੱਕ ਹੋਰ ਕਸ਼ਮੀਰੀ ਪੱਤਰਕਾਰ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕ ਦਿੱਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਆਕਾਸ਼ ਹਸਨ ਨਾਂ ਦਾ ਇਹ ਪੱਤਰਕਾਰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਮੰਗਲਵਾਰ ਦੀ ਸ਼ਾਮ ਸ੍ਰੀਲੰਕਾ ਜਾਣ ਲਈ ਰਵਾਨਾ ਹੋਣ ਵੇਲੇ ਆਕਾਸ਼ ਦਾ ਬੋਰਡਿੰਗ ਪਾਸ ਰੱਦ ਕਰ ਦਿੱਤਾ ਗਿਆ ਅਤੇ ਉਸ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਹਸਨ ਦੂਜਾ ਕਸ਼ਮੀਰੀ ਪੱਤਰਕਾਰ ਹੈ, ਜਿਸ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ 2 ਜੁਲਾਈ ਨੂੰ ਪੁਲਿਤਜ਼ਰ ਜੇਤੂ ਕਸ਼ਮੀਰੀ ਫੋਟੋ ਪੱਤਰਕਾਰ ਸਨਾ ਇਰਸ਼ਾਦ ਮੱਟੂ ਨੂੰ ਰੋਕਿਆ ਗਿਆ ਸੀ, ਜੋ ਪੈਰਿਸ ਵਿੱਚ ਪੁਸਤਕ ਲੋਕ ਅਰਪਣ ਸਮਾਰੋਹ ਅਤੇ ਫੋਟੋ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਜਾ ਰਹੀ ਸੀ। ਹਸਨ ਨੇ ਟਵੀਟ ਕੀਤਾ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਕੋਲੰਬੋ ਜਾਣ ਵਾਲੀ ਫਲਾਈਟ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ।’’ ਜੰਮੂ ਕਸ਼ਮੀਰ ਪੁਲੀਸ ਦੇ ਅਧਿਕਾਰੀਆਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਹਸਨ ਨੂੰ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਹੈ। -ਪੀਟੀਆਈ
ਪੱਤਰਕਾਰੀ ਨੂੰ ਕੁਚਲਣਾ ਚਾਹੁੰਦੈ ਕੇਂਦਰ: ਮਹਬਿੂਬਾ
ਸ੍ਰੀਨਗਰ: ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਪ੍ਰਧਾਨ ਮਹਬਿੂਬਾ ਮੁਫ਼ਤੀ ਨੇ ਅੱਜ ਇੱਥੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰੀ ਨੂੰ ਕੁਚਲਣਾ ਚਾਹੁੰਦੀ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਨੇ ਟਵੀਟ ਕੀਤਾ, ‘‘ਲੋਕਤੰਤਰ ਵਿੱਚ ਪੱਤਰਕਾਰਾਂ ਦੀ ਭੂਮਿਕਾ ’ਤੇ ਸੀਜੇਆਈ ਦੀ ਟਿੱਪਣੀ ਤੋਂ ਤੁਰੰਤ ਬਾਅਦ ਆਕਾਸ਼ ਹਸਨ ਨੂੰ ਵਿਦੇਸ਼ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਸਰਕਾਰ ਸੱਚ ਨੂੰ ਬਰਦਾਸ਼ਤ ਨਾ ਕਰ ਸਕਣ ਕਾਰਨ ਲੋਕਤੰਤਰ ਦੀ ਰੀੜ ਦੀ ਹੱਡੀ ਅਤੇ ਚੌਥੇ ਥੰਮ੍ਹ ਨੂੰ ਕੁਚਲਣਾ ਚਾਹੁੰਦੀ ਹੈ।’’ -ਪੀਟੀਆਈ