ਸ੍ਰੀਨਗਰ, 15 ਅਕਤੂਬਰ
ਮੁੱਖ ਅੰਸ਼
- ਉਪ ਰਾਜਪਾਲ ਅਤੇ ਹੋਰ ਪਾਰਟੀਆਂ ਨੇ ਹੱਤਿਆ ਦੀ ਕੀਤੀ ਨਿਖੇਧੀ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਅਤਿਵਾਦੀਆਂ ਨੇ ਕਸ਼ਮੀਰੀ ਪੰਿਡਤ ਪੂਰਨ ਕ੍ਰਿਸ਼ਨ ਭੱਟ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਭੱਟ ’ਤੇ ਹਮਲਾ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਚੌਧਰੀ ਗੁੰਡ ਇਲਾਕੇ ’ਚ ਉਸ ਦੀ ਰਿਹਾਇਸ਼ ਨੇੜੇ ਕੀਤਾ ਗਿਆ। ਭੱਟ ਨੂੰ ਜਦੋਂ ਸ਼ੋਪੀਆਂ ਦੇ ਹਸਪਤਾਲ ’ਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਨੂੰ ਘੇਰਾ ਪਾ ਕੇ ਅਤਿਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਡੀਆਈਜੀ ਸੁਜੀਤ ਕੁਮਾਰ ਨੇ ਕਿਹਾ ਕਿ ਕਸ਼ਮੀਰ ਫਰੀਡਮ ਫਾਈਟਰ ਨਾਮ ਦੀ ਜਥੇਬੰਦੀ ਨੇ ਭੱਟ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਕ ਅਤਿਵਾਦੀ ਨੇ ਭੱਟ ’ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਉਥੇ ਸੁਰੱਖਿਆ ਦਾ ਪ੍ਰਬੰਧ ਸੀ ਅਤੇ ਉਹ ਖਾਮੀ ਦਾ ਪਤਾ ਲਗਾ ਰਹੇ ਹਨ। ਭੱਟ ਸਕੂਟਰ ’ਤੇ ਬਾਹਰ ਗਏ ਸਨ ਅਤੇ ਹਮਲੇ ਵੇਲੇ ਉਹ ਘਰ ਪਰਤ ਰਹੇ ਸਨ।
ਕਸ਼ਮੀਰ ਜ਼ੋਨ ਪੁਲੀਸ ਨੇ ਟਵਿੱਟਰ ’ਤੇ ਦੱਸਿਆ,‘‘ਅਤਿਵਾਦੀਆਂ ਨੇ ਪੂਰਨ ਕ੍ਰਿਸ਼ਨ ਭੱਟ ’ਤੇ ਉਸ ਸਮੇਂ ਗੋਲੀਆਂ ਚਲਾਈਆਂ, ਜਦੋਂ ਉਹ ਸ਼ੋਪੀਆਂ ਦੇ ਚੌਧਰੀ ਗੁੰਡ ’ਚ ਬਾਗ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਏ। ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।’’ ਉਪ ਰਾਜਪਾਲ ਮਨੋਜ ਸਿਨਹਾ ਅਤੇ ਸਿਆਸੀ ਪਾਰਟੀਆਂ ਨੇ ਹੱਤਿਆ ਦੀ ਨਿੰਦਾ ਕੀਤੀ ਹੈ। ਸਿਨਹਾ ਨੇ ਟਵਿੱਟਰ ’ਤੇ ਕਿਹਾ ਕਿ ਪੂਰਨ ਕ੍ਰਿਸ਼ਨ ਭੱਟ ’ਤੇ ਅਤਿਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਕਾਇਰਾਨਾ ਹਰਕਤ ਹੈ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਉਪ ਰਾਜਪਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸਾਜ਼ਿਸ਼ਘਾੜਿਆਂ ਅਤੇ ਅਤਿਵਾਦੀਆਂ ਨੂੰ ਸ਼ਹਿ ਦੇਣ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਡੈਮੋਕਰੈਟਿਕ ਆਜ਼ਾਦ ਪਾਰਟੀ ਦੇ ਚੇਅਰਮੈਨ ਗੁਲਾਮ ਨਬੀ ਆਜ਼ਾਦ ਨੇ ਹਮਲੇ ਦੀ ਨਿਖੇਧੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੇ ਟਵੀਟ ਕਰਕੇ ਪੂਰਨ ਕ੍ਰਿਸ਼ਨ ਭੱਟ ’ਤੇ ਕਾਇਰਾਨਾ ਹਮਲੇ ਦੀ ਤਿੱਖੀ ਨਿਖੇਧੀ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਸੀਪੀਐੱਮ ਆਗੂ ਐੱਮ ਵਾਈ ਤਰੀਗਾਮੀ ਨੇ ਕਿਹਾ ਕਿ ਸਰਕਾਰ ਵਾਦੀ ’ਚ ਘੱਟ ਗਿਣਤੀਆਂ ਲਈ ਸੁਰੱਖਿਆ ਯਕੀਨੀ ਬਣਾਏ। ਭਾਜਪਾ ਦੇ ਜਨਰਲ ਸਕੱਤਰ ਅਸ਼ੋਕ ਕੌਲ ਨੇ ਕਿਹਾ ਕਿ ਦੇਸ਼ ਵਿਰੋਧੀ ਅਨਸਰਾਂ ਨੂੰ ਆਪਣੇ ਇਰਾਦਿਆਂ ’ਚ ਕਦੇ ਵੀ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਖ਼ਿੱਤੇ ਦੀ ਸ਼ਾਂਤੀ ਭੰਗ ਕਰਨ ਦੀ ਕਿਸੇ ਵੀ ਯੋਜਨਾ ਨੂੰ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ। ਅਪਨੀ ਪਾਰਟੀ ਦੇ ਪ੍ਰਧਾਨ ਸੱਯਦ ਮੁਹੰਮਦ ਅਲਤਾਫ਼ ਬੁਖਾਰੀ ਨੇ ਵੀ ਕਸ਼ਮੀਰੀ ਪੰਿਡਤ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। -ਪੀਟੀਆਈ
ਹੱਤਿਆ ਵਿਰੁੱਧ ਹਾਈਵੇਅ ਜਾਮ
ਸੈਂਕੜੇ ਕਸ਼ਮੀਰੀ ਪੰਿਡਤ ਮੁਲਾਜ਼ਮਾਂ ਨੇ ਪੂਰਨ ਕ੍ਰਿਸ਼ਨ ਭੱਟ ਦੀ ਹੱਤਿਆ ਵਿਰੁੱਧ ਜੰਮੂ-ਅਖਨੂਰ ਸੜਕ ਜਾਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਾਲਾਤ ਸੁਧਰਨ ਦੇ ਦਾਅਵਿਆਂ ਦਾ ਪਰਦਾਫ਼ਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪੰਡਿਤਾਂ ਨੂੰ ਸੁਰੱਖਿਅਤ ਥਾਂ ’ਤੇ ਭੇਜਿਆ ਜਾਵੇ।