ਜੰਮੂ, 13 ਜੂਨ
ਕਸ਼ਮੀਰੀ ਪੰਡਿਤ ਮੁਲਾਜ਼ਮਾਂ ਨੇ ਵਾਦੀ ਤੋਂ ਬਾਹਰ ਸਥਾਪਤੀ ਦੀ ਆਪਣੀ ਮੰਗ ਨੂੰ ਲੈ ਕੇ ਅੱਜ ਮੁੜ ਧਰਨਾ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਨੇ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਅਮਨ ਦੀ ਬਹਾਲੀ ਤੱਕ ਉਨ੍ਹਾਂ ਨੂੰ ਇਥੋਂ ਬਾਹਰ ਕਿਸੇ ਹੋਰ ਥਾਂ ਸਥਾਪਤ ਕੀਤਾ ਜਾਵੇ। ‘ਆਲ ਮਾਇਗਰੈਂਟ ਐਂਪਲਾਈਜ਼ ਐਸੋਸੀਏਸ਼ਨ ਕਸ਼ਮੀਰ’ ਦੇ ਬੈਨਰ ਹੇਠ ਇਥੇ ਪ੍ਰੈੱਸ ਕਲੱਬ ਦੇ ਬਾਹਰ ਇਕੱਤਰ ਸੈਂਕੜੇ ਔਰਤ-ਪੁਰਸ਼ ਮੁਲਾਜ਼ਮਾਂ ਨੇ ਹੱਥਾਂ ਵਿੱਚ ਤਖ਼ਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਸੀ ‘‘ਸਾਡੇ ਖ਼ੂਨ! ਸਾਡੇ ਬੱਚਿਆਂ ਨੂੰ ਯਤੀਮ ਬਣਾਉਣ! ਸਾਡੀਆਂ ਪਤਨੀਆਂ ਨੂੰ ਵਿਧਵਾ ਕਰਨ! ਦੀ ਕੀਮਤ ’ਤੇ ਸਾਡਾ ਮੁੜ ਵਸੇਬਾ ਨਾ ਕੀਤਾ ਜਾਵੇ’ ਅਤੇ ਇਸ ਦਾ ਇਕੋ ਇਕ ਹੱਲ ਵਾਦੀ ਤੋਂ ਬਾਹਰ ਸਥਾਪਤੀ ਹੈ।’’ ਸਾਲ 2008 ਵਿੱਚ ਪ੍ਰਧਾਨ ਮੰਤਰੀ ਰੁਜ਼ਗਾਰ ਪੈਕੇਜ ਦੇ ਐਲਾਨ ਤਹਿਤ 4000 ਦੇ ਕਰੀਬ ਕਸ਼ਮੀਰੀ ਪੰਡਿਤਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਵਾਦੀ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ’ਚ ਤਾਇਨਾਤ ਕੀਤਾ ਗਿਆ ਸੀ।
ਪ੍ਰਦਰਸ਼ਨਕਾਰੀਆਂ ’ਚੋਂ ਇਕ ਸ਼ਵੇਤਾ ਭੱਟ ਨੇ ਕਿਹਾ, ‘‘ਅਸੀਂ ਇਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਜਿਸ ਕਰਕੇ ਸਾਡਾ ਵਿਰੋਧ ਪ੍ਰਦਰਸ਼ਨ ਵਾਦੀ ਤੋਂ ਬਾਹਰ ਸਥਾਪਤੀ ਲਈ ਚੱਲ ਰਹੇ ਸਾਡੇ ਅੰਦੋਲਨ ਦਾ ਹੀ ਹਿੱਸਾ ਹੈ। ਅਸੀਂ ਜੰਮੂ ਪਹੁੰਚ ਗਏ ਹਾਂ ਜਦੋਂਕਿ ਸਾਡੇ ਸਾਥੀ ਅਜੇ ਵੀ ਪਿਛਲੇ 31 ਦਿਨਾਂ ਤੋਂ ਵਾਦੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ।’’ ਭੱਟ ਨੇ ਸਰਕਾਰ ਵੱਲੋਂ ਉਨ੍ਹਾਂ ਨੂੰ ਵਾਦੀ ਵਿੱਚ ਕਿਸੇ ਸੁਰੱਖਿਅਤ ਥਾਂ ਸਥਾਪਤ ਕਰਨ ਦੇ ਦਿੱਤੇ ਭਰੋਸੇ ਨੂੰ ਖਾਰਜ ਕਰਦਿਆਂ ਕਿਹਾ, ‘‘ਅਸੀਂ ਫੀਲਡ ਵਿੱਚ ਕੰਮ ਕਰਦਿਆਂ ਦਬਾਅ ਮਹਿਸੂਸ ਕਰ ਰਹੇ ਸੀ। ਦਿਮਾਗ ’ਚ ਡਰ ਬੈਠਾ ਹੋਣ ਕਰਕੇ ਆਪਣੇ ਕੰਮ ਵੱਲ ਧਿਆਨ ਲਾਉਣ ਤੋਂ ਅਸਮਰੱਥ ਹੋ ਗਏ ਸੀ।’’ -ਪੀਟੀਆਈ