ਨਵੀਂ ਦਿੱਲੀ/ਇਸਲਾਮਾਬਾਦ: ਮਰਹੂਮ ਹੁਰੀਅਤ ਆਗੂ ਸਈਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਤੇ ਕਸ਼ਮੀਰੀ ਵੱਖਵਾਦੀ ਆਗੂ ਅਲਤਾਫ਼ ਅਹਿਮਦ ਸ਼ਾਹ ਦੀ ਅੱਜ ਤੜਕੇ ਇੱਥੇ ਏਮਸ ’ਚ ਕੈਂਸਰ ਕਾਰਨ ਮੌਤ ਹੋ ਗਈ। ਉਹ 66 ਸਾਲਾਂ ਦੇ ਸਨ। ਇਸ ਮਗਰੋਂ ਪਾਕਿਸਤਾਨ ਨੇ ਅੱਜ ਭਾਰਤੀ ਦੂਤਾਵਾਸ ਅਧਿਕਾਰੀ ਨੂੰ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਾਇਆ ਹੈ। ਸ਼ਾਹ ਨੂੰ ਕੁਝ ਦਿਨ ਪਹਿਲਾਂ ਹੀ ਦਿੱਲੀ ਹਾਈ ਕੋਰਟ ਦੇ ਹੁਕਮਾਂ ਮਗਰੋਂ ਤਿਹਾੜ ਜੇਲ੍ਹ ਤੋਂ ਏਮਸ ’ਚ ਦਾਖਲ ਕਰਵਾਇਆ ਗਿਆ ਸੀ। ਅਲਤਾਫ਼ ਦੀ ਧੀ ਰੁਵਾ ਸ਼ਾਹ ਨੇ ਦੱਸਿਆ, ‘ਸਾਨੂੰ ਅੱਬੂ ਦੇ ਕੱਲ ਰਾਤ ਗੁਜ਼ਰ ਜਾਣ ਦੀ ਖ਼ਬਰ ਦਿੱਤੀ ਗਈ ਹੈ।’ ਰੁਵਾ ਨੇ ਟਵੀਟ ਕੀਤਾ ਕਿ ਸ਼ਾਹ ਨੇ ‘ਇੱਕ ਕੈਦੀ ਵਜੋਂ’ ਏਮਸ ’ਚ ਆਖਰੀ ਸਾਹ ਲਏ। ਸ਼ਾਹ ਨੂੰ ਛੇ ਹੋਰ ਲੋਕਾਂ ਨਾਲ ਅਤਿਵਾਦੀ ਫੰਡਿੰਗ ਨਾਲ ਸਬੰਧਤ ਕੇਸ ’ਚ 2017 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਲਤਾਫ਼ ਅਹਿਮਦ ਸ਼ਾਹ ਦੀ ਕਥਿਤ ਹਿਰਾਸਤ ਵਿੱਚ ਹੋਈ ਮੌਤ ਮਾਮਲੇ ਵਿੱਚ ਪਾਕਿਸਤਾਨ ਨੇ ਅੱਜ ਭਾਰਤੀ ਦੂਤਾਵਾਸ ਅਧਿਕਾਰੀ ਨੂੰ ਤਲਬ ਕਰਕੇ ਆਪਣਾ ਵਿਰੋਧ ਦਰਜ ਕਰਾਇਆ ਹੈ। ਇਕ ਬਿਆਨ ਵਿੱਚ ਵਿਦੇਸ਼ ਦਫ਼ਤਰ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਨਾ ਸਿਰਫ ਸ਼ਾਹ ਨੂੰ ਲੋੜੀਂਦੀ ਮੈਡੀਕਲ ਸਹੂਲਤ ਦੇਣ ਵਿੱਚ ਅਸਫਲ ਰਹੀ ਸਗੋਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਾਉਣ ਵਿੱਚ ਵੀ ਦੇਰੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਭਾਰਤ ਸਰਕਾਰ ਇਸ ਮਾਮਲੇ ਦੀ ਫੌਰੀ ਜਾਂਚ ਕਰੇ ਅਤੇ ਇਸ ਲਈ ਦੋਸ਼ੀ ਵਿਅਕਤੀਆਂ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰੇ। -ਪੀਟੀਆਈ