ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 10 ਫਰਵਰੀ
ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਕਸ਼ਮੀਰੀ ਵੱਖਵਾਦੀ ਆਗੂਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਜੰਮੂ ਕਸ਼ਮੀਰ ਪੁਲੀਸ ਦੀ ਵਿਸ਼ੇਸ਼ ਜਾਂਚ ਏਜੰਸੀ ਵੱਲੋਂ ਗੁਆਂਢੀ ਮੁਲਕ ’ਚ ਐੱਮਬੀਬੀਐੱਸ ਦੀਆਂ ਸੀਟਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਵੇਚਣ ਅਤੇ ਉਸ ਪੈਸੇ ਦੀ ਵਰਤੋਂ ਵਾਦੀ ’ਚ ਅਤਿਵਾਦ ਫੈਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਐੱਫਆਈਏ ਨੇ ਪਾਕਿਸਤਾਨ ’ਚ ਰਹਿ ਰਹੇ ਵੱਖਵਾਦੀ ਆਗੂ ਅਲਤਾਫ਼ ਭੱਟ ਅਤੇ 17 ਹੋਰਾਂ ਖ਼ਿਲਾਫ਼ 100 ਕਰੋੜ ਰੁਪਏ ਦੇ ਫੰਡਾਂ ਦੀ ਹੇਰਾਫੇਰੀ ਤਹਿਤ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਪਾਕਿਸਤਾਨ ਦੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਜਾਂਚ ਦੇ ਹੁਕਮਾਂ ਮਗਰੋਂ ਇਹ ਕੇਸ ਦਰਜ ਕੀਤਾ ਗਿਆ ਹੈ। ਭੱਟ ਪਾਕਿਸਤਾਨ ’ਚ ਅੰਡਰਗ੍ਰਾਊਂਡ ਹੋ ਗਿਆ ਹੈ। ਸ੍ਰੀਨਗਰ ਦੇ ਬੇਗ਼-ਏ-ਮਹਿਤਾਬ ਦਾ ਵਸਨੀਕ ਅਲਤਾਫ਼ ਭੱਟ ਸਾਬਕਾ ਦਹਿਸ਼ਤੀ ਕਮਾਂਡਰ ਜ਼ਫ਼ਰ ਅਕਬਰ ਭੱਟ ਦਾ ਭਰਾ ਹੈ ਜਿਸ ਨੂੰ ਐੱਨਆਈਏ ਨੇ ਕੁਝ ਸਾਲ ਪਹਿਲਾਂ ਕਸ਼ਮੀਰ ’ਚ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਭਰਾਵਾਂ ਦੀ ਵਿਸ਼ੇਸ਼ ਜਾਂਚ ਏਜੰਸੀ ਨੂੰ ਪਾਕਿਸਤਾਨ ਦੇ ਐੱਮਬੀਬੀਐੱਸ ਦਾਖ਼ਲਿਆਂ ’ਚ ਘੁਟਾਲੇ ਦੇ ਮਾਮਲੇ ’ਚ ਭਾਲ ਹੈ। ਪਿਛਲੇ ਸਾਲ ਦਸੰਬਰ ’ਚ ਏਜੰਸੀ ਨੇ ਇਥੇ ਵਿਸ਼ੇਸ਼ ਅਦਾਲਤ ’ਚ 9 ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ।