ਨਵੀਂ ਦਿੱਲੀ, 23 ਨਵੰਬਰ
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਇਤਿਹਾਸਕ ਕਟੜਾ-ਦਿੱਲੀ ਐਕਸਪ੍ਰੈੱਸਵੇਅ ਲਾਂਘਾ 2023 ਤੱਕ ਮੁਕੰਮਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਨੂੰ ਹੁਲਾਰਾ ਮਿਲੇਗਾ ਅਤੇ ਸੜਕ ਮਾਰਗ ਪਵਿੱਤਰ ਸ਼ਹਿਰਾਂ ਕਟੜਾ (ਜੰਮੂ) ਅਤੇ ਅੰਮ੍ਰਿਤਸਰ (ਪੰਜਾਬ) ਨੂੰ ਜੋੜੇਗਾ। ਉਨ੍ਹਾਂ ਕਿਹਾ ਕਿ ਕਠੂਆ-ਜੰਮੂ ਹਾਈਵੇਅ ਨੂੰ ਚਾਰ-ਮਾਰਗੀ ਤੋਂ ਛੇ ਮਾਰਗੀ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਪਠਾਨਕੋਟ ਤੱਕ ਜ਼ਮੀਨ ਐਕੁਆਇਰ ਕਰਨ ਦਾ ਕੰਮ ਵੀ ਚੱਲ ਰਿਹਾ ਹੈ ਅਤੇ ਪਠਾਨਕੋਟ ਤੋਂ ਕਠੂਆ ਤੱਕ ਦੇ ਮਾਰਗ ਨੂੰ ਛੇ-ਮਾਰਗੀ ਬਣਾਇਆ ਜਾਵੇਗਾ। ਪਰਸੋਨਲ ਰਾਜ ਮੰਤਰੀ ਮੁਤਾਬਕ ਐਕਸਪ੍ਰੈੱਸਵੇਅ ਨਾਲ ਜੰਮੂ ਕਸ਼ਮੀਰ, ਪੰਜਾਬ ਅਤੇ ਹਰਿਆਣਾ ਦੇ ਸਨਅਤੀ ਤੇ ਆਰਥਿਕ ਕੇਂਦਰਾਂ ਨੂੰ ਸਹਾਇਤਾ ਮਿਲੇਗੀ। -ਪੀਟੀਆਈ