ਨਵੀਂ ਦਿੱਲੀ, 11 ਅਕਤੂਬਰ
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਦਿੱਲੀ ਸਰਕਾਰ ’ਤੇ ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ਦਾ ਪਾਲਣ ਨਾ ਕਰਨ ਅਤੇ ਘੱਟ ਗਿਣਤੀਆਂ ਦੇ ਮੁੱਦਿਆਂ ’ਤੇ ਚੁੱਪ ਰਹਿਣ ਦਾ ਦੋਸ਼ ਲਾਇਆ ਹੈ। ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਨੇ ਪੱਤਰ ’ਚ ਕਿਹਾ ਕਿ ਇੱਕ ਧਰਮ ਤਬਦੀਲੀ ਸਮਾਗਮ ’ਚ ਹਾਜ਼ਰੀ ’ਤੇ ਵਿਵਾਦ ਤੋਂ ਬਾਅਦ ਕੇਜਰੀਵਾਲ ਦੇ ਮੰਤਰੀ ਮੰਡਲ ’ਚ ਸ਼ਾਮਲ ਰਾਜੇਂਦਰ ਪਾਲ ਗੌਤਮ ਦਾ ਅਸਤੀਫਾ ‘ਅੰਬੇਡਕਰ ਨਾਲ ਧੋਖਾ’ ਹੈ। ਉਨ੍ਹਾਂ ਕਿਹਾ ਕਿ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾਉਣ ਦਾ ਕੀ ਫਾਇਦਾ ਜੇ ‘ਆਪ’ ਨੇ ਉਨ੍ਹਾਂ ਦੇ ਆਦਰਸ਼ਾਂ ’ਤੇ ਚੱਲਣਾ ਹੀ ਨਹੀਂ। ਆਇਸਾ ਨੇ ਕਿਹਾ ਕਿ ਇੱਕ ਪਾਸੇ ‘ਆਪ’ ਖੁਦ ਨੂੰ ਭਾਜਪਾ ਦਾ ਬਦਲ ਦਸਦੀ ਹੈ ਤੇ ਦੂਜੇ ਪਾਸੇ ਉਹ ਨਫ਼ਰਤ ਦੀ ਰਾਜਨੀਤੀ ਨੂੰ ਚੁਣੌਤੀ ਨਹੀਂ ਦਿੰਦੀ। -ਪੀਟੀਆਈ