ਨਵੀਂ ਦਿੱਲੀ, 18 ਅਪਰੈਲ
ਕੌਮੀ ਰਾਜਧਾਨੀ ’ਚ ਕੋਵਿਡ-19 ਦੀ ਸਥਿਤੀ ਨੂੰ ਕਾਫੀ ਗੰਭੀਰ ਦੱਸਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮਰੀਜ਼ਾਂ ਲਈ ਬੈੱਡ ਤੇ ਆਕਸੀਜਨ ਦੀ ਮਦਦ ਮੰਗੀ ਹੈ। ਕੇਜਰੀਵਾਲ ਨੇ ਦਿੱਲੀ ’ਚ ਕੇਂਦਰ ਸਰਕਾਰ ਦੇ ਹਸਪਤਾਲਾਂ ’ਚ 10 ਹਜ਼ਾਰ ਬੈੱਡਾਂ ’ਚੋਂ ਘੱਟ ਤੋਂ ਘੱਟ 7000 ਬੈੱਡ ਕੋਵਿਡ-19 ਦੇ ਮਰੀਜ਼ਾਂ ਲਈ ਰਾਖਵੇਂ ਕਰਨ ਅਤੇ ਆਕਸੀਜਨ ਦੀ ਤੁਰੰਤ ਸਪਲਾਈ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਪੱਤਰ ’ਚ ਲਿਖਿਆ, ‘ਦਿੱਲੀ ’ਚ ਕੋਵਿਡ ਦੀ ਸਥਿਤੀ ਬਹੁਤ ਗੰਭੀਰ ਹੈ। ਬੈੱਡਾਂ ਤੇ ਅਕਸੀਜਨ ਦੀ ਭਾਰੀ ਘਾਟ ਹੈ। ਮੈਂ ਦਿੱਲੀ ’ਚ ਕੇਂਦਰ ਸਰਕਾਰ ਦੇ ਹਸਪਤਾਲਾਂ ’ਚ 10 ਹਜ਼ਾਰ ਬੈੱਡਾਂ ’ਚੋਂ ਘੱਟ ਤੋਂ ਘੱਟ 7 ਹਜ਼ਾਰ ਬੈੱਡ ਕਰੋਨਾ ਦੇ ਮਰੀਜ਼ਾਂ ਲਈ ਰਾਖਵੇਂ ਕਰਨ ਅਤੇ ਤੁਰੰਤ ਆਕਸੀਜਨ ਮੁਹੱਈਆ ਕਰਵਾਉਣ ਦੀ ਅਪੀਲ ਕਰਦਾ ਹਾਂ।’ ਉਨ੍ਹਾਂ ਕਿਹਾ, ‘ਅਸੀਂ ਆਪਣੇ ਪੱਧਰ ’ਤੇ ਸਾਰੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਤੁਹਾਡੀ ਮਦਦ ਦੀ ਜ਼ਰੂਰਤ ਹੈ।’ ਕੇਜਰੀਵਾਲ ਨੇ ਦਿੱਲੀ ’ਚ ਕਰੋਨਾਵਾਇਰਸ ਦੇ ਕੇਸਾਂ ਦੀ ਦਰ ਸਿਰਫ਼ 24 ਘੰਟਿਆਂ ਅੰਦਰ 24 ਫੀਸਦ ਵੱਧ ਕੇ 30 ਫੀਸਦ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰੋਨਾ ਦੇ ਤੇਜ਼ੀ ਨਾਲ ਫੈਲਣ ਕਾਰਨ ਸ਼ਹਿਰ ਦੇ ਹਸਪਤਾਲਾਂ ’ਚ ਕੋਵਿਡ-19 ਮਰੀਜ਼ਾਂ ਲਈ ਬੈੱਡਾਂ ਤੇ ਆਕਸੀਜਨ ਦੀ ਤੇਜ਼ੀ ਨਾਲ ਕਮੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ’ਚ ਆਈਸੀਯੂ ਦੇ ਸੌ ਬੈੱਡ ਹੀ ਖਾਲੀ ਬਚੇ ਹਨ ਅਤੇ ਹਾਲਾਤ ਹਰ ਪਲ ਬਦ ਤੋਂ ਬੱਦਤਰ ਹੁੰਦੇ ਜਾ ਰਹੇ ਹਨ। -ਪੀਟੀਆਈ