ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੇਸ਼ ਦੇ ਕਰੰਸੀ ਨੋਟਾਂ ਉਪਰ ਲਕਸ਼ਮੀ ਤੇ ਗਣੇਸ਼ ਦੀਆਂ ਤਸਵੀਰਾਂ ਛਾਪਣ ਦੀ ਮੰਗ ਦੁਹਰਾਈ ਹੈ। ਸ੍ਰੀ ਕੇਜਰੀਵਾਲ ਦੀ ਇਸ ਮੰਗ ਕਰਕੇ ਉਹ ਹੋਰਨਾਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ ’ਤੇ ਆ ਗਏ ਸਨ। ਵੀਰਵਾਰ ਨੂੰ ਲਿਖੇ ਇਸ ਪੱਤਰ ਵਿੱਚ ਸ੍ਰੀ ਕੇਜਰੀਵਾਲ ਨੇ ਕਿਹਾ ਕਿ 130 ਕਰੋੜ ਭਾਰਤੀਆਂ ਦੀ ਇੱਛਾ ਮੁਤਾਬਕ ਕਰੰਸੀ ਨੋਟਾਂ ਵਿੱਚ ਇੱਕ ਪਾਸੇ ਮਹਾਤਮਾ ਗਾਂਧੀ ਤੇ ਦੂਜੇ ਪਾਸੇ ਭਗਵਾਨ ਗਣੇਸ਼ ਤੇ ਮਾਂ ਲਕਸ਼ਮੀ ਦੀਆਂ ਤਸਵੀਰਾਂ ਛਾਪੀਆਂ ਜਾਣ। ਕੇਜਰੀਵਾਲ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਭਾਰਤੀ ਅਰਥਚਾਰਾ ਮੰਦੇ ਹਾਲੀਂ ਹੈ, ਜਿਸ ਨੂੰ ਮੁੜ ਲੀਹ ’ਤੇ ਲਿਆਉਣ ਲਈ ‘ਸਾਡੇ ਦੇਵੀ ਦੇਵਤਿਆਂ ਦੇ ਆਸ਼ੀਰਵਾਦ’ ਦੇ ਨਾਲ ਬਹੁਤ ਕੋਸ਼ਿਸ਼ਾਂ ਦੀ ਲੋੜ ਹੈ। ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਨੇ ਪੱਤਰ ਵਿੱਚ ਕਿਹਾ ਕਿ ਭਾਰਤੀ ਅਰਥਵਿਵਸਥਾ ਬਹੁਤ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ ਤੇ ਆਜ਼ਾਦੀ ਦੇ 75 ਸਾਲਾਂ ਦੇ ਬਾਵਜੂਦ ਭਾਰਤ ਵਿਕਾਸਸ਼ੀਲ ਦੇਸ਼ਾਂ ਵਿੱਚ ਸੂਚੀਬੱਧ ਹੈ। ਕੇਜਰੀਵਾਲ ਨੇ ਲਿਖਿਆ ਕਿ ਇਕ ਪਾਸੇ ਸਾਰੇ ਦੇਸ਼ਵਾਸੀਆਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ ਅਤੇ ਦੂਜੇ ਪਾਸੇ ਸਾਨੂੰ ਦੇਵੀ-ਦੇਵਤਿਆਂ ਦਾ ਆਸ਼ੀਰਵਾਦ ਵੀ ਚਾਹੀਦਾ ਹੈ ਤਾਂ ਜੋ ਸਾਡੀਆਂ ਕੋਸ਼ਿਸ਼ਾਂ ਨੂੰ ਫਲ ਪਵੇ। ਉਨ੍ਹਾਂ ਕਿਹਾ ਕਿ ਸਹੀ ਨੀਤੀ, ਮਿਹਨਤ ਤੇ ਦੇਵਤਿਆਂ ਦੇ ਆਸ਼ੀਰਵਾਦ ਦੇ ਸੰਗਮ ਨਾਲ ਹੀ ਦੇਸ਼ ਤਰੱਕੀ ਕਰੇਗਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਸ ਮੁੱਦੇ ’ਤੇ ਬਹੁਤ ਜ਼ਿਆਦਾ ਸਮਰਥਨ ਪ੍ਰਾਪਤ ਹੋਇਆ ਹੈ। ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਹਰ ਕੋਈ ਚਾਹੁੰਦਾ ਹੈ ਕਿ ਇਸ ਨੂੰ ਤੁਰੰਤ ਲਾਗੂ ਕੀਤਾ ਜਾਵੇ। ਉਧਰ ਭਾਜਪਾ ਨੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਸੀ ਕਿ ਅਗਾਮੀ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਦੇ ਮੱਦੇਨਜ਼ਰ ‘ਆਪ’ ਸੁਪਰੀਮੋ ਆਪਣੇ ‘ਹਿੰਦੂ ਵਿਰੋਧੀ ਭੱਦੇ ਚਿਹਰੇ’ ਨੂੰ ਲੁਕਾਉਣ ਦੀ ਨਾਕਾਮ ਕੋਸ਼ਿਸ਼ ਵਜੋਂ ਅਜਿਹੀ ਮੰਗ ਕਰ ਰਿਹਾ ਹੈ।
ਆਰਐੱਸਐੱਸ ਦੀ ਭਾਸ਼ਾ ਬੋਲ ਰਹੇ ਨੇ ਕੇਜਰੀਵਾਲ: ਮੌਰਿਆ
ਬਲੀਆ(ਯੂਪੀ): ਸਮਾਜਵਾਦੀ ਪਾਰਟੀ ਆਗੂ ਸਵਾਮੀ ਪ੍ਰਸਾਦ ਮੌਰਿਆ ਨੇ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਰਤੀ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਲਾਉਣ ਦੀ ਮੰਗ ਕਰਕੇ ਆਰਐੱਸਐੱਸ ਤੇ ਭਾਜਪਾ ਦੇ ਏਜੰਡੇ ਦੀ ਹੀ ਹਮਾਇਤ ਕਰ ਰਹੇ ਹਨ। ਇਥੇ ਜ਼ਿਲ੍ਹਾ ਹੈੈੱਡਕੁਆਰਟਰ ’ਤੇ ਕੁਸ਼ਵਾਹਾ ਸਮਾਜ ਦੇ ਪ੍ਰੋਗਰਾਮ ਤੋਂ ਇਕ ਪਾਸੇ ਮੌਰਿਆ ਨੇ ਕਿਹਾ, ‘‘ਅਰਵਿੰਦ ਕੇਜਰੀਵਾਲ ਨੂੰ ਨਾ ਭਾਰਤੀ ਸੰਵਿਧਾਨ ਬਾਰੇ ਜਾਣਕਾਰੀ ਹੈ ਤੇ ਨਾ ਹੀ ਇਹ ਪਤਾ ਹੈ ਕਿ ਧਰਮਨਿਰਪੇਖ ਭਾਰਤੀ ਸੰਵਿਧਾਨ ਦਾ ਸਤਿਕਾਰ ਕਿਵੇਂ ਕਰਨਾ ਹੈ। ਕੇਜਰੀਵਾਲ ਦੀ ਭਾਜਪਾ ਤੇ ਆਰਐੱਸਐੱਸ ਨਾਲ ਗੰਢ-ਤੁਪ ਸਾਫ਼ ਹੋ ਗਈ ਹੈ।’’ -ਪੀਟੀਆਈ