ਨਵੀਂ ਦਿੱਲੀ, 30 ਅਗਸਤ
ਦਿੱਲੀ ਦੀ ਆਬਕਾਰੀ ਨੀਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਸੱਤਾ ਦੇ ਨਸ਼ੇ ਵਿੱਚ ਧੁੱਤ ਹੋਣ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਥਾਪਨਾ ਕਰਨ ਵਾਲੇ ਅੰਦੋਲਨ ਦੀਆਂ ਵਿਚਾਰਧਾਰਾਵਾਂ ਅਤੇ ਕਦਰਾਂ-ਕੀਮਤਾਂ ਨੂੰ ਭੁੱਲਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਜਰੀਵਾਲ ਆਪਣੀ ਵਿਚਾਰਧਾਰਾ ਗੁਆ ਚੁੱਕੇ ਹਨ।
ਅੰਨਾ ਹਜ਼ਾਰੇ ਨੇ ਲਿਖਿਆ,‘ਤੁਹਾਡੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮੈਂ ਤੁਹਾਨੂੰ ਲਿਖ ਰਿਹਾ ਹਾਂ। ਸ਼ਰਾਬ ਘੁਟਾਲੇ ‘ਤੇ ਦਿੱਲੀ ਸਰਕਾਰ ਬਾਰੇ ਤਾਜ਼ਾ ਖ਼ਬਰਾਂ ਨਿਰਾਸ਼ਾਜਨਕ ਹਨ। ਮੈਂ ਗਾਂਧੀ ਜੀ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰੇਰਿਤ ਹਾਂ। ਇਸ ਦੇ ਆਧਾਰ ‘ਤੇ ਮੈਂ ਆਪਣਾ ਜੀਵਨ ਲੋਕਾਂ, ਸਮਾਜ ਅਤੇ ਦੇਸ਼ ਨੂੰ ਸਮਰਪਿਤ ਕੀਤਾ ਹੈ। ਪਿਛਲੇ 47 ਸਾਲਾਂ ਤੋਂ ਮੈਂ ਸਮਾਜ ਦੇ ਸੁਧਾਰ ਅਤੇ ਭ੍ਰਿਸ਼ਟਾਚਾਰ ਲਈ ਕੰਮ ਕਰ ਰਿਹਾ ਹਾਂ। ਤੁਸੀਂ ‘ਸਵਰਾਜ’ ਨਾਂ ਦੀ ਕਿਤਾਬ ਲਿਖੀ ਸੀ ਜਿੱਥੇ ਤੁਸੀਂ ਆਦਰਸ਼ਾਂ ਬਾਰੇ ਲਿਖਿਆ ਸੀ। ਉਦੋਂ ਤੁਹਾਡੇ ਤੋਂ ਬਹੁਤ ਉਮੀਦਾਂ ਸਨ ਪਰ ਰਾਜਨੀਤੀ ਵਿੱਚ ਆਉਣ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਤੁਸੀਂ ਵਿਚਾਰਧਾਰਾ ਨੂੰ ਭੁੱਲ ਗਏ ਹੋ। ਜਿਵੇਂ ਸ਼ਰਾਬ ਦਾ ਨਸ਼ਾ, ਸੱਤਾ ਦਾ ਵੀ ਨਸ਼ਾ ਹੈ। ਇੰਝ ਲੱਗਦਾ ਹੈ ਜਿਵੇਂ ਤੁਸੀਂ ਸੱਤਾ ਦੇ ਨਸ਼ੇ ਵਿੱਚ ਡੁੱਬ ਗਏ ਹੋਵੋਂ।’