ਪਲੱਕੜ (ਕੇਰਲਾ), 26 ਸਤੰਬਰ
ਕਾਂਗਰਸ ਪਾਰਟੀ ਨੇ ਅੱਜ ਕੇਰਲਾ ਦੇ ਪਲੱਕੜ ਜ਼ਿਲ੍ਹੇ ਵਿੱਚ ਪੈਂਦੇ ਸ਼ੋਰਨੂਰ ਤੋਂ ‘ਭਾਰਤ ਜੋੜੋ ਯਾਤਰਾ’ ਮੁੜ ਤੋਂ ਸ਼ੁਰੂ ਕੀਤੀ। ਇਸ ਮੌਕੇ ਸੈਂਕੜੇ ਪਾਰਟੀ ਵਰਕਰ ਯਾਤਰਾ ਵਿੱਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਨਾਲ ਚਲੇ। 19ਵੇਂ ਦਿਨ ਵਿੱਚ ਦਾਖਲ ਹੋਈ ਇਹ ਯਾਤਰਾ ਸਵੇਰ ਦੇ ਸੈਸ਼ਨ ਵਿੱਚ 12.3 ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਪਟਾਂਬੀ ਵਿੱਚ ਰੁਕੀ।
ਕਾਂਗਰਸ ਪਾਰਟੀ ਨੇ ਟਵੀਟ ਕੀਤਾ, ‘‘ਯਾਤਰਾ ‘ਉਤਸ਼ਾਹ ਤੇ ਆਸ’ ਨਾਲ ਪਲੱਕੜ ਵਿੱਚ ਦਾਖਲ ਹੋਈ ਅਤੇ ਅਸੀਂ ਤੁਹਾਡੇ ਨਾਲ ਯਾਤਰਾ ਸ਼ੁਰੂ ਕਰਨ ਲਈ ਉਡੀਕ ਨਹੀਂ ਕਰ ਸਕਦੇ।’’
ਸੀਨੀਅਰ ਕਾਂਗਰਸੀ ਆਗੂ ਕੇ ਮੁਰਲੀਧਰਨ ਅਤੇ ਕੇਰਲਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ.ਡੀ. ਸਤੀਸ਼ਨ ਵੀ ਯਾਤਰਾ ਦੇ ਸਵੇਰ ਦੇ ਸੈਸ਼ਨ ਵਿੱਚ ਰਾਹੁਲ ਗਾਂਧੀ ਦੇ ਨਾਲ ਚਲੇ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਲੋਕ ਖੜ੍ਹੇ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਸਨ। ਇਸ ਦੌਰਾਨ ਲੜਕੀਆਂ ਦੇ ਇਕ ਸਮੂਹ ਨੇ ਕਾਂਗਰਸੀ ਆਗੂ ਨੂੰ ਫਰੇਮ ਵਿੱਚ ਜੜੀ ਉਨ੍ਹਾਂ ਦੀ ਇੱਕ ਤਸਵੀਰ ਵੀ ਭੇਟ ਕੀਤੀ। ਪਟਾਂਬੀ ਪਹੁੰਚਣ ’ਤੇ ਇਸ ਯਾਤਰਾ ਦਾ ਠਹਿਰਾਅ ਹੋਇਆ ਅਤੇ ਫਿਰ ਸ਼ਾਮ 5 ਵਜੇ ਇਹ ਯਾਤਰਾ ਮੁੜ ਸ਼ੁਰੂ ਹੋਈ ਅਤੇ ਕੋਪਮ ਜਾ ਕੇ ਖ਼ਤਮ ਹੋਈ। ਯਾਤਰਾ 10 ਸਤੰਬਰ ਨੂੰ ਕੇਰਲਾ ਵਿੱਚ ਦਾਖਲ ਹੋਈ ਸੀ। ਇਹ ਯਾਤਰਾ ਪਹਿਲੀ ਅਕਤੂਬਰ ਨੂੰ ਕਰਨਾਟਕ ’ਚ ਦਾਖ਼ਲ ਹੋਣ ਤੋਂ ਪਹਿਲਾਂ 19 ਦਿਨਾਂ ’ਚ ਸੂਬੇ ਦੇ ਸੱਤ ਜ਼ਿਲ੍ਹਿਆਂ ’ਚ 450 ਕਿਲੋਮੀਟਰ ਦਾ ਪੈਂਡਾ ਤੈਅ ਕਰੇਗੀ। -ਪੀਟੀਆਈ
ਭਾਜਪਾ ਆਗੂਆਂ ਵੱਲੋਂ ਫੈਲਾਈਆਂ ਜਾ ਰਹੀਆਂ ਫ਼ਰਜ਼ੀ ਖ਼ਬਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਉਸ ਨੇ ਭਾਰਤ ਜੋੜੋ ਯਾਤਰਾ ਨੂੰ ਢਾਹ ਲਗਾਉਣ ਲਈ ਭਾਜਪਾ ਆਗੂਆਂ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਤੇ ਵੰਡ ਪਾਉਣ ਵਾਲੀਆਂ ਖ਼ਬਰਾਂ ਦੇ ਪੰਜ ਮਾਮਲਿਆਂ ’ਚ ਅਤੇ ਉਨ੍ਹਾਂ ਦੀ ‘ਆਨਲਾਈਨ ਨਫ਼ਰਤੀ ਫੈਕਟਰ’ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਖ਼ਿਲਾਫ਼ ਇਨ੍ਹਾਂ ਝੂਠੀਆਂ ਖ਼ਬਰਾਂ ਨੂੰ ਕਾਂਗਰਸ ਬਰਦਾਸ਼ਤ ਨਹੀਂ ਕਰੇਗੀ। ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਕੇਰਲ ਤੋਂ ਲੋਕ ਸਭਾ ਮੈਂਬਰ ਹਬਿੀ ਈਡਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੀ ਇਕ ਕਾਪੀ ਵੀ ਟਵਿੱਟਰ ’ਤੇ ਸਾਂਝੀ ਕੀਤੀ ਹੈ। -ਪੀਟੀਆਈ