ਪ੍ਰਤਿਰੂਵਨੰਤਪੁਰਮ, 31 ਮਈ
ਲਕਸ਼ਦੀਪ ਦੇ ਲੋਕਾਂ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਕੇਰਲਾ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਉਥੋਂ ਦੇ ਪ੍ਰਸ਼ਾਸਕ ਪ੍ਰਫੁੱਲ ਖੋਡਾ ਪਟੇਲ ਨੂੰ ਵਾਪਸ ਸੱਦਣ ਦੀ ਮੰਗ ਕੀਤੀ ਹੈ। ਮਤੇ ’ਚ ਉਨ੍ਹਾਂ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਉਹ ਫੌਰੀ ਦਖ਼ਲ ਦੇ ਕੇ ਲਕਸ਼ਦੀਪ ਦੇ ਲੋਕਾਂ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਰਾਖੀ ਕਰੇ। ਕੇਰਲਾ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕਾਂ ਦੀ ਹਮਾਇਤ ’ਚ ਮਤਾ ਲਿਆਂਦਾ ਹੈ। ਲਕਸ਼ਦੀਪ ਦੇ ਪ੍ਰਸ਼ਾਸਕ ਵੱਲੋਂ ਉਠਾਏ ਗਏ ਕਦਮਾਂ ਦਾ ਪਿਛਲੇ ਕੁਝ ਦਿਨਾਂ ਤੋਂ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਪਿਨਰਾਈ ਵਿਜਯਨ ਨੇ 15ਵੀਂ ਵਿਧਾਨ ਸਭਾ ’ਚ ਪਹਿਲਾ ਮਤਾ ਪੇਸ਼ ਕੀਤਾ ਜੋ ਕੇਰਲਾ ਅਤੇ ਲਕਸ਼ਦੀਪ ਵਿਚਕਾਰ ਇਤਿਹਾਸਕ ਅਤੇ ਸੱਭਿਆਚਾਰਕ ਸਾਂਝ ਨੂੰ ਚੇਤੇ ਕਰਵਾਉਂਦਾ ਹੈ। ਮਤੇ ’ਚ ਕੇਂਦਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਹ ਲਕਸ਼ਦੀਪ ’ਚ ਕੁਦਰਤੀ ਲੋਕਤੰਤਰ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਸਿਆਸੀ ਮੱਤਭੇਦਾਂ ਨੂੰ ਪਾਸੇ ਰਖਦਿਆਂ ਹੁਕਮਰਾਨ ਸੀਪੀਐੱਮ ਦੀ ਅਗਵਾਈ ਹੇਠਲੇ ਖੱਬੇ-ਪੱਖੀ ਡੈਮੋਕਰੈਟਿਕ ਫਰੰਟ ਅਤੇ ਕਾਂਗਰਸ ਦੀ ਅਗਵਾਈ ਹੇਠਲੇ ਯੁਨਾਈਟਿਡ ਡੈਮੋਕਰੈਟਿਕ ਫਰੰਟ ਨੇ ਮਤੇ ਦੀ ਹਮਾਇਤ ਕੀਤੀ ਪਰ ਕੁਝ ਸੋਧਾਂ ਦਾ ਸੁਝਾਅ ਵੀ ਦਿੱਤਾ। ਮਤੇ ’ਚ ਕਿਹਾ ਗਿਆ ਹੈ ਕਿ ਲਕਸ਼ਦੀਪ ’ਚ ਗੁੰਡਾ ਐਕਟ ਲਾਗੂ ਕਰਨ ਦੇ ਕਦਮ ਉਠਾਏ ਗਏ ਹਨ ਜਦਕਿ ਉਥੇ ਜੁਰਮ ਦੀ ਦਰ ਪਹਿਲਾਂ ਹੀ ਬਹੁਤ ਘੱਟ ਹੈ। ਇਸ ’ਚ ਕਿਹਾ ਗਿਆ ਹੈ ਕਿ ਅਸਹਿਮਤੀ ਦੀਆਂ ਸੁਰਾਂ ਨੂੰ ਖਾਮੋਸ਼ ਕਰਨ ਅਤੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਅਜਿਹੇ ਕਦਮ ਉਠਾਏ ਜਾ ਰਹੇ ਹਨ। ਲਕਸ਼ਦੀਪ ’ਚ ਬੀਫ ’ਤੇ ਪਾਬੰਦੀ ਲਗਾ ਕੇ ਸੰਘ ਪਰਿਵਾਰ ਦੇ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ ਹੈ। -ਪੀਟੀਆਈ
ਪ੍ਰਸ਼ਾਸਕ ਨੇ ਲਕਸ਼ਦੀਪ ਦੇ ਸੱਭਿਆਚਾਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ: ਸੰਸਦ ਮੈਂਬਰ
ਨਵੀਂ ਦਿੱਲੀ: ਸੰਸਦ ਮੈਂਬਰ ਮੁਹੰਮਦ ਫ਼ੈਜ਼ਲ ਨੇ ਕਿਹਾ ਹੈ ਕਿ ਪ੍ਰਸ਼ਾਸਕ ਪ੍ਰਫੁੱਲ ਪਟੇਲ ਪਿਛਲੇ ਪੰਜ ਮਹੀਨਿਆਂ ’ਚ ਸਿਰਫ਼ 15-20 ਦਿਨ ਹੀ ਲਕਸ਼ਦੀਪ ’ਚ ਰਿਹਾ ਹੈ ਅਤੇ ਉਸ ਨੇ ਉਥੋਂ ਦੇ ਸੱਭਿਆਚਾਰ ਅਤੇ ਹਾਲਾਤ ਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਵਿਵਾਦਤ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਨੂੰਨੀ ਰਾਹ ਅਖ਼ਤਿਆਰ ਕੀਤਾ ਜਾਵੇਗਾ। ਐੱਨਸੀਪੀ ਆਗੂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦਾ ਭਾਜਪਾ ਦੇ ਸਥਾਨਕ ਆਗੂਆਂ ਸਮੇਤ ਸਮਾਜ ਦੇ ਹਰ ਵਰਗ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਫ਼ੈਜ਼ਲ ਨੇ ਕਿਹਾ ਕਿ ਪਟੇਲ ਸਥਾਨਕ ਲੋਕਾਂ ਜਾਂ ਨੁਮਾਇੰਦਿਆਂ ਨਾਲ ਸਲਾਹ ਕੀਤੇ ਬਿਨਾਂ ਇਕਪਾਸੜ ਫ਼ੈਸਲੇ ਲਾਗੂ ਕਰ ਰਿਹਾ ਹੈ। -ਪੀਟੀਆਈ
ਲਕਸ਼ਦੀਪ ’ਚ ਲੌਕਡਾਊਨ ਸੱਤ ਦਿਨ ਹੋਰ ਵਧਾਇਆ
ਕੋਚੀ: ਕਰੋਨਾ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਲਕਸ਼ਦੀਪ ’ਚ ਲੌਕਡਾਊਨ ਸੱਤ ਹੋਰ ਦਿਨਾਂ ਲਈ ਵਧਾ ਦਿੱਤਾ ਹੈ। ਲਕਸ਼ਦੀਪ ਦੇ ਜ਼ਿਲ੍ਹਾ ਕੁਲੈਕਟਰ ਐੱਸ ਅਸਕਰ ਅਲੀ ਨੇ ਹੁਕਮਾਂ ’ਚ ਪੰਜ ਟਾਪੂਆਂ ’ਤੇ ਰਾਤ ਦੇ ਕਰਫਿਊ ਦਾ ਵੀ ਐਲਾਨ ਕੀਤਾ ਹੈ। ਲੋੜੀਂਦੀਆਂ ਸੇਵਾਵਾਂ ਨੂੰ ਬੰਦ ਤੋਂ ਰਾਹਤ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਟਾਪੂ ’ਚ ਕਰੋਨਾ ਦੇ 2006 ਸਰਗਰਮ ਕੇਸ ਹਨ ਅਤੇ ਪੰਜ ਥਾਵਾਂ ’ਤੇ ਪਾਜ਼ੇਟੀਵਿਟੀ ਦਰ ਬਹੁਤ ਜ਼ਿਆਦਾ ਹੈ। -ਪੀਟੀਆਈ