ਤਿਰੂਵਨੰਤਪੁਰਮ, 19 ਸਤੰਬਰ
ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਸੂਬੇ ਦੀ ਖੱਬੇਪੱਖੀ ਸਰਕਾਰ ਖ਼ਿਲਾਫ਼ ਹਮਲੇ ਤੇਜ਼ ਕਰਦਿਆਂ ਉਸ ’ਤੇ ਰਾਜ ਭਵਨ ਸਮੇਤ ਅਸਹਿਮਤੀ ਜ਼ਾਹਿਰ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਦਾ ਦੋਸ਼ ਲਾਇਆ ਹੈ।
ਖਾਨ ਨੇ 2019 ’ਚ ਕੰਨੂਰ ਯੂਨੀਵਰਸਿਟੀ ’ਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤੇ ਜਾਣ ਤੇ ਕੇਰਲ ਦੇ ਖਜ਼ਾਨੇ ਦੇ ਮੁੱਖ ਤੌਰ ’ਤੇ ਲਾਟਰੀ ਤੇ ਸ਼ਰਾਬ ਦੀ ਵਿਕਰੀ ’ਤੇ ਨਿਰਭਰ ਹੋਣ ਸਮੇਤ ਕਈ ਮਾਮਲਿਆਂ ਨੂੰ ਲੈ ਕੇ ਹਾਕਮ ਐਲਡੀਐੱਫ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕੰਨੂਰ ਯੂਨੀਵਰਸਿਟੀ ਦੀ ਘਟਨਾ ਸਬੰਧੀ ਵੀਡੀਓ ਵੀ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਕਾਰਜਪ੍ਰਣਾਲੀ ਬਾਰੇ ਸਰਕਾਰ ਵੱਲੋਂ ਉਨ੍ਹਾਂ ਨੂੰ ਭੇਜੇ ਗਏ ਪੱਤਰ ਤੇ ਉਨ੍ਹਾਂ ਦੇ ਭੇਜੇ ਗਏ ਜਵਾਬ ਵੀ ਮੀਡੀਆ ’ਚ ਜਾਰੀ ਕੀਤੇ।
ਉਨ੍ਹਾਂ ਸੂਬਾ ਸਰਕਾਰ ’ਤੇ ਉਨ੍ਹਾਂ ਤੋਂ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਚੁੱਪ ਕਰਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਇੱਥੋਂ ਤੱਕ ਕਿ ਰਾਜ ਭਵਨ ਨੂੰ ਵੀ ਬਖ਼ਸ਼ਿਆ ਨਹੀਂ ਗਿਆ। -ਪੀਟੀਆਈ
ਰਾਜਪਾਲ ਅਣਮਿੱਥੇ ਸਮੇਂ ਲਈ ਬਿੱਲ ਨਹੀਂ ਰੋਕ ਸਕਦੇ: ਕੇਰਲ ਸਰਕਾਰ
ਕੋਚੀ: ਕੇਰਲ ਸਰਕਾਰ ਨੇ ਅੱਜ ਕਿਹਾ ਕਿ ਰਾਜਪਾਲ ਵਿਧਾਨ ਸਭਾ ਵੱਲੋਂ ਪਾਸ ਬਿੱਲਾਂ ਨੂੰ ਰੋਕ ਸਕਦੇ ਹਨ ਪਰ ਅਣਮਿੱਥੇ ਸਮੇਂ ਲਈ ਨਹੀਂ ਅਤੇ ਨਾ ਹੀ ਉਹ ਇਨ੍ਹਾਂ ਨੂੰ ਖਾਰਜ ਕਰ ਸਕਦੇ ਹਨ। ਰਾਜ ਦੇ ਕਾਨੂੰਨ ਮੰਤਰੀ ਪੀ ਰਾਜੀਵ ਨੇ ਪੱਤਰਕਾਰ ਨੂੰ ਕਿਹਾ ਕਿ ਸੰਵਿਧਾਨ ਰਾਜਪਾਲ ਨੂੰ ਬਿੱਲਾਂ ਨੂੰ ਪ੍ਰਵਾਨਗੀ ਦੇਣ, ਇਨ੍ਹਾਂ ਨੂੰ ਰੋਕਣ ਜਾਂ ਭਾਰਤ ਦੇ ਰਾਸ਼ਟਰਪਤੀ ਕੋਲ ਭੇਜਣ ਦੀ ਸ਼ਕਤੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਕੋਲ ਬਿੱਲ ਖਾਰਜ ਕਰਨ ਦਾ ਅਧਿਕਾਰ ਨਹੀਂ ਹੈ। ਕਾਨੂੰਨ ਮੰਤਰੀ ਦਾ ਇਹ ਬਿਆਨ ਰਾਜਪਾਲ ਆਰਿਫ਼ ਮੁਹੰਮਦ ਖਾਨ ਵੱਲੋਂ ਪਿਛਲੇ ਹਫ਼ਤੇ ਦਿੱਤੇ ਉਸ ਬਿਆਨ ਤੋਂ ਬਾਅਦ ਆਇਆ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਹ ਰਾਜ ਵਿਧਾਨ ਸਭਾ ਵੱਲੋਂ ਹਾਲ ਹੀ ਵਿੱਚ ਪਾਸ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ ਨੂੰ ਇਜਾਜ਼ਤ ਨਹੀਂ ਦੇਣਗੇ।