ਤਿਰੂਵਨੰਤਪੁਰਮ, 13 ਅਪਰੈਲ
ਕੇਰਲਾ ਦੇ ਉੱਚ ਸਿੱਖਿਆ ਮੰਤਰੀ ਕੇ.ਟੀ. ਜਲੀਲ ਨੇ ਅਸਤੀਫ਼ਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰਾਜ ਦੇ ਲੋਕਆਯੁਕਤ ਨੇ ਕਿਹਾ ਸੀ ਕਿ ਜਲੀਲ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਲਾਭ ਪਹੁੰਚਾਉਣ ਲਈ ਲੋਕ ਸੇਵਕ ਵਜੋਂ ਆਪਣੇ ਅਹੁਦੇ ਦੀ ‘ਦੁਰਵਰਤੋਂ’ ਕੀਤੀ। ਲੋਕਆਯੁਕਤ ਨੇ ਇਹ ਵੀ ਕਿਹਾ ਸੀ ਕਿ ਜਲੀਲ ਨੂੰ ਆਪਣੇ ਅਹੁਦੇ ਉਤੇ ਬਣੇ ਰਹਿਣ ਦਾ ਹੱਕ ਨਹੀਂ ਹੈ। ਅਸਤੀਫ਼ੇ ਨਾਲ ਕੇਰਲਾ ਦੀ ਪਿਨਾਰਈ ਵਿਜਯਨ ਸਰਕਾਰ ਨੂੰ ਝਟਕਾ ਲੱਗਾ ਹੈ। ਅਸਤੀਫ਼ੇ ਨੂੰ ਰਾਜਪਾਲ ਕੋਲ ਭੇਜ ਦਿੱਤਾ ਗਿਆ ਹੈ। ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਜਲੀਲ ਭਾਈ-ਭਤੀਜਾਵਾਦ ਦੇ ਮਾਮਲੇ ’ਤੇ ਅਸਤੀਫ਼ਾ ਦੇਣ ਵਾਲੇ ਐਲਡੀਐਫ ਸਰਕਾਰ ਦੇ ਦੂਜੇ ਮੰਤਰੀ ਹਨ। ਇਸ ਤੋਂ ਪਹਿਲਾਂ ਸਰਕਾਰ ਬਣਨ ਦੇ ਸਿਰਫ਼ ਪੰਜ ਮਹੀਨਿਆਂ ਬਾਅਦ ਹੀ ਉਦਯੋਗ ਮੰਤਰੀ ਈ.ਪੀ. ਜੈਰਾਜਨ ਨੂੰ ਆਪਣੇ ਭਤੀਜੇ ਨੂੰ ਇਕ ਅਹਿਮ ਅਹੁਦੇ ’ਤੇ ਨਿਯੁਕਤ ਕਰਨ ਲਈ ਅਸਤੀਫ਼ਾ ਦੇਣਾ ਪਿਆ ਸੀ। -ਪੀਟੀਆਈ