ਨਵੀਂ ਦਿੱਲੀ, 15 ਨਵੰਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੇਰਲ ਵਿੱਚ ਮੀਂਹ ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਾਰਟੀ ਕਾਰਕੁਨਾਂ ਨੂੰ ਅੱਗੇ ਆਉਣ ਲਈ ਕਿਹਾ ਹੈ। ਕੇਰਲ ਵਿੱਚ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਟਵੀਟ ਕੀਤਾ,‘ਕੇਰਲ ਵਿੱਚ ਸਾਡੇ ਭਰਾ ਅਤੇ ਭੈਣਾਂ ਭਾਰੀ ਮੀਂਹ ’ਚ ਫਸੇ ਹਨ। ਮੈਂ ਕਾਂਗਰਸੀ ਕਾਰਕੁਨਾਂ ਨੂੰ ਹਰ ਸੰਭਵ ਢੰਗ ਨਾਲ ਲੋਕਾਂ ਦੀ ਮਦਦ ਦੀ ਅਪੀਲ ਕਰਦਾ ਹਾਂ। ਕਿਰਪਾ ਕਰਕੇ ਖਿਆਲ ਰੱਖੋ ਅਤੇ ਸਾਰੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ।’
ਇਸ ਦੌਰਾਨ ਅੱਜ ਵੀ ਕੇਰਲ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ, ਜਿਸ ਦੌਰਾਨ ਤਿਰੂਵਨੰਤਪੁਰਮ, ਕੋਲਮ ਅਤੇ ਕੋਟਿਅਮ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ, ਜਿਸ ਕਾਰਨ ਜਿੱਥੇ ਤਿੰਨ ਜਾਨਾਂ ਚਲੀਆਂ ਗਈਆਂ, ਉਥੇ ਸੰਪਤੀ ਨੂੰ ਵੀ ਨੁਕਸਾਨ ਪੁੱਜਾ ਹੈ। ਭਾਰਤ ਦੇ ਮੌਸਮ ਵਿਭਾਗ ਨੇ ਅਰਨਾਕੁਲਮ, ਤ੍ਰਿਸੂਰ, ਕੋਜ਼ੀਕੋੜ, ਕੰਨੂਰ ਅਤੇ ਕਸਾਰਗੋ ਜ਼ਿਲ੍ਹਿਆਂ ਲਈ ਰੈੱਡ ਐਲਰਟ ਜਾਰੀ ਕੀਤਾ ਹੈ। ਪਿਛਲੇ ਕੁਝ ਦਿਨਾਂ ਤੋ ਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਪਰਿਵਾਰਾਂ ਨੂੰ ਆਪਣੇ ਘਰ-ਬਾਰ ਛੱਡ ਕੇ ਸੁਰੱਖਿਤ ਥਾਵਾਂ ’ਤੇ ਜਾਣਾ ਪਿਆ ਹੈ। ਮੌਸਮ ਵਿਭਾਗ ਨੇ ਅਜੇ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ