ਕੋਚੀ, 13 ਜੁਲਾਈ
ਕੇਰਲਾ ਵਿੱਚ ਐੱਨਆਈਏ ਦੀ ਇੱਕ ਸਪੈਸ਼ਲ ਅਦਾਲਤ ਨੇ 2010 ਵਿੱਚ ਇੱਕ ਕਾਲਜ ਪ੍ਰੋਫੈਸਰ ਦਾ ਹੱਥ ਵੱਢਣ ਦੇ ਮਾਮਲੇ ’ਚ ਛੇ ਦੋਸ਼ੀਆਂ ਵਿੱਚੋਂ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਇਦੁੱਕੀ ਜ਼ਿਲ੍ਹੇ ਦੇ ਥੋਡੂਪੁਜ਼ਾ ਵਿੱਚ 4 ਜੁਲਾਈ 2010 ਨੂੰ ਪਾਬੰਦੀਸ਼ੁਦਾ ਇਸਲਾਮਕ ਜਥੇਬੰਦੀ ਪਾਪੂਲਰ ਫਰੰਟ ਆਫ ਇੰਡੀਆ ਦੇ ਕਥਿਤ ਕਾਰਕੁਨਾਂ ਨੇ ਨਿਊਮੈਨ ਕਾਲਜ ਦੇ ਪ੍ਰੋਫੈਸਰ ਟੀ.ਜੇ. ਜੋਸਫ਼ ਦਾ ਸੱਜਾ ਹੱਥ ਵੱਢ ਦਿੱਤਾ ਸੀ।
ਸਪੈਸ਼ਲ ਐੱਨਆਈਏ ਅਦਾਲਤ ਦੇ ਜੱਜ ਅਨਿਲ ਕੇ. ਭਾਸਕਰ ਨੇ ਕੇਸ ਦੀ ਸੁਣਵਾਈ ਦੂਜੇ ਪੜਾਅ ’ਚ ਬੁੱਧਵਾਰ ਨੂੰ ਸਾਜਿਲ, ਨਾਸਰ ਅਤੇ ਨਜੀਬ ਨੂੰ ਯੂਏਪੀਏ, ਆਈਪੀਸੀ ਅਤੇ ਵਿਸਫੋਟਕ ਸਮਗਰੀ ਕਾਨੂੰਨ ਤਹਿਤ ਦੋਸ਼ੀ ਠਹਿਰਾਏ ਜਾਣ ਮਗਰੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੇਸ ਦੀ ਸੁਣਵਾਈ ਦੇ ਪਹਿਲੇ ਗੇੜ ’ਚ 10 ਵਿਅਕਤੀਆਂ ਨੂੰ ਯੂਏਪੀਏ, ਵਿਸਫੋਟਕ ਸਮੱਗਰੀ ਕਾਨੂੰਨ ਅਤੇ ਆਈਪੀਸੀ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਤਿੰਨ ਹੋਰ ਜਣੇ ਅਪਰਾਧੀਆਂ ਨੂੰ ਸ਼ਰਨ ਦੇਣ ਦੇ ਕਸੂਰਵਾਰ ਪਾਏ ਗਏ ਸਨ। ਉਕਤ ਤਿੰਨਾਂ ਨੂੰ ਦੋਸ਼ੀ ਠਹਿਰਾਉਂਦਿਆਂ ਅਦਾਲਤ ਨੇ ਕਿਹਾ ਕਿ ਦੂਜਾ ਮੁਲਜ਼ਮ ਸਾਜਿਲ ਹਮਲੇ ’ਚ ਸ਼ਾਮਲ ਸੀ ਜਦਕਿ ਤੀਜਾ ਮੁਲਜ਼ਮ ਨਾਸਰ, ਜਿਹੜਾ ਕਿ ਕੇਸ ’ਚ ਮੁੱਖ ਸਾਜ਼ਿਸ਼ਘਾੜਾ ਸੀ ਅਤੇ ਪੰਜਵੇਂ ਮੁਲਜ਼ਮ ਨਜੀਬ ਨੇ ‘ਦਹਿਸ਼ਤੀ ਕਾਰਵਾਈ’ ਦੀ ਯੋਜਨਾ ਬਣਾਈ ਸੀ ਪਰ ਇਸ ਵਿੱਚ ਹਿੱਸਾ ਨਹੀਂ ਲਿਆ। ਹਮਲੇ ਦਾ ਮੁੱਖ ਮੁਲਜ਼ਮ ਹਾਲੇ ਵੀ ਫਰਾਰ ਹੈ। -ਪੀਟੀਆਈ