ਨਵੀਂ ਦਿੱਲੀ, 11 ਜਨਵਰੀ
ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਅੱਜ ‘ਬੀਬੀਸੀ’ ਨਾਲ ਕੀਤੀ ਇਕ ਇੰਟਰਵਿਊ ਵਿਚ ਹਰਿਦੁਆਰ ਦੀ ‘ਧਰਮ ਸੰਸਦ’ ਦੇ ਨਫ਼ਰਤੀ ਭਾਸ਼ਣਾਂ ਅਤੇ ਉੱਥੇ ਦਿੱਤੇ ਗਏ ਨਸਲਕੁਸ਼ੀ ਦੇ ਸੱਦਿਆਂ ਦੀ ਨਿਖੇਧੀ ਕਰਨ ਤੋਂ ਇਨਕਾਰ ਕਰ ਦਿੱਤਾ। ‘ਬੀਬੀਸੀ ਹਿੰਦੀ’ ਮੁਤਾਬਕ ਜਦ ਕੈਮਰੇ ਬੰਦ ਹੋਏ ਤਾਂ ਮੌਰਿਆ ਨੇ ਰਿਪੋਰਟਰ ਦਾ ਮਾਸਕ ਲਾਹ ਦਿੱਤਾ ਅਤੇ ਆਪਣੇ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦਿਓ। ਚੈਨਲ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਮਗਰੋਂ ਫੁਟੇਜ ਰਿਕਵਰ ਕਰਨ ਵਿਚ ਕਾਮਯਾਬ ਹੋ ਗਏ ਤੇ ਪੂਰੀ ਇੰਟਰਵਿਊ ਵਿਸਤਾਰ ਵਿਚ ਛਾਪ ਦਿੱਤੀ ਗਈ। ਮੌਰਿਆ ਨੇ ਬੀਬੀਸੀ ਰਿਪੋਰਟਰ ਨੂੰ ਇਹ ਵੀ ਕਿਹਾ ਕਿ ਉਹ ਪੱਤਰਕਾਰ ਵਾਂਗੂ ਗੱਲ ਕਰੇ, ਕਿਸੇ ਦੇ ਏਜੰਟ ਵਾਂਗ ਨਹੀਂ।’ ਇਸ ਤੋਂ ਬਾਅਦ ਉਪ ਮੁੱਖ ਮੰਤਰੀ ਨੇ ਖ਼ੁਦ ਹੀ ਇੰਟਰਵਿਊ ਸਮਾਪਤੀ ਦਾ ਐਲਾਨ ਕਰ ਦਿੱਤਾ ਤੇ ਕਿਹਾ, ‘ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ।’ ਇਸ ਦੇ ਨਾਲ ਹੀ ਮੰਤਰੀ ਮਾਈਕਰੋਫੋਨ ਲਾਹ ਕੇ ਸੀਟ ਤੋਂ ਉੱਠ ਖੜ੍ਹੇ ਹੋਏ। ਇਸ ਤੋਂ ਪਹਿਲਾਂ ਜਦ ਪੱਤਰਕਾਰ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਹੋਰ ਸੀਨੀਅਰ ਪਾਰਟੀ ਆਗੂ ਨਫ਼ਰਤੀ ਭਾਸ਼ਣਾਂ ਦੇ ਮੁੱਦੇ ਉਤੇ ਚੁੱਪ ਕਿਉਂ ਹਨ ਤਾਂ ਮੌਰਿਆ ਨੇ ਰਿਪੋਰਟਰ ਅਨੰਤ ਜ਼ਨਾਨੇ ਨੂੰ ਕਿਹਾ, ‘ਭਾਜਪਾ ਨੂੰ ਕੁਝ ਸਾਬਿਤ ਕਰਨ ਦੀ ਲੋੜ ਨਹੀਂ, ਅਸੀਂ ਸਾਰਿਆਂ ਦਾ ਸਾਥ ਸਾਰਿਆਂ ਦਾ ਵਿਕਾਸ ਚਾਹੁੰਦੇ ਹਾਂ, ਤੇ ਧਾਰਮਿਕ ਆਗੂਆਂ ਨੂੰ ਹੱਕ ਹੈ, ਉਹ ਜੋ ਚਾਹੇ ਬੋਲ ਸਕਦੇ ਹਨ। ਤੁਸੀਂ ਹਮੇਸ਼ਾ ਹਿੰਦੂ ਧਾਰਮਿਕ ਆਗੂਆਂ ਬਾਰੇ ਹੀ ਕਿਉਂ ਗੱਲ ਕਰਦੇ ਹੋ? ਕੀ ਤੁਸੀਂ ਹੋਰਾਂ ਵੱਲੋਂ ਦਿੱਤੇ ਬਿਆਨ ਦੇਖੇ ਹਨ? ਉਸ ਬਾਰੇ ਤੁਸੀਂ ਕੁਝ ਕਿਉਂ ਨਹੀਂ ਬੋਲਦੇ? ਤੁਸੀਂ ਉਨ੍ਹਾਂ ਸਾਰੇ ਲੋਕਾਂ ਬਾਰੇ ਗੱਲ ਕਿਉਂ ਨਹੀਂ ਕਰਦੇ ਜਿਨ੍ਹਾਂ ਨੂੰ ਧਾਰਾ 370 ਹਟਣ ਤੋਂ ਪਹਿਲਾਂ ਜੰਮੂ ਕਸ਼ਮੀਰ ਛੱਡਣਾ ਪਿਆ?’ ਮੌਰਿਆ ਨੇ ਅੱਗੇ ਕਿਹਾ, ‘ਜਦ ਤੁਸੀਂ ਸਵਾਲ ਉਠਾਉਂਦੇ ਹੋ ਤਾਂ ਉਹ ਇਕਪਾਸੜ ਨਹੀਂ ਹੋ ਸਕਦੇ, ਧਰਮ ਸੰਸਦ ਭਾਜਪਾ ਨੇ ਨਹੀਂ ਕਰਵਾਈ ਸੀ। ਇਹ ਪੁਜਾਰੀਆਂ ਨੇ ਕਰਵਾਈ ਸੀ, ਤੇ ਉਹ ਆਪਣੇ ਪ੍ਰੋਗਰਾਮਾਂ ਵਿਚ ਕੀ ਕਹਿੰਦੇ ਹਨ ਤੇ ਕੀ ਨਹੀਂ, ਇਹ ਉਨ੍ਹਾਂ ਦੀ ਮਰਜ਼ੀ ਉਤੇ ਨਿਰਭਰ ਹੈ।’ ਰਿਪੋਰਟਰ ਨੇ ਮਗਰੋਂ ਜਦ ਨਫ਼ਰਤੀ ਭਾਸ਼ਣ ਦੇਣ ਵਾਲੇ ਯਤੀ ਨਰਸਿਮ੍ਹਾਨੰਦ ਤੇ ਅੰਨਾਪੂਰਨਾ ਦਾ ਜ਼ਿਕਰ ਕੀਤਾ ਤੇ ਨਾਲ ਇਹ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਇਨ੍ਹਾਂ ਨਾਲ ਬਣ ਰਿਹਾ ਹੈ, ਤਾਂ ਮੌਰਿਆ ਨੇ ਉਸ ਨੂੰ ਵਿਚਾਲੇ ਹੀ ਟੋਕ ਦਿੱਤਾ ਤੇ ਕਿਹਾ, ‘ਉਹ ਕਿਸੇ ਤਰ੍ਹਾਂ ਦਾ ਮਾਹੌਲ ਨਹੀਂ ਬਣਾ ਰਹੇ, ਉਨ੍ਹਾਂ ਨੂੰ ਆਪਣੇ ਮੰਚ ਉਤੇ ਜੋ ਠੀਕ ਲੱਗਦਾ ਹੈ, ਉਹ ਕਹਿੰਦੇ ਹਨ। ਤੁਸੀਂ ਮੈਨੂੰ ਉਹ ਸਵਾਲ ਪੁੱਛ ਰਹੇ ਹੋ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣ-ਦੇਣ ਨਹੀਂ। ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ, ਮੈਂ ਉਹ ਵੀਡੀਓ ਦੇਖੀ ਵੀ ਨਹੀਂ। ਉਪ ਮੁੱਖ ਮੰਤਰੀ ਨੇ ਪੱਤਰਕਾਰ ਨੂੰ ਕਿਹਾ, ‘ਜੇ ਤੁਸੀਂ ਮੈਨੂੰ ਪਹਿਲਾਂ ਦੱਸਦੇ ਕਿ ਧਰਮ ਸੰਸਦ ਬਾਰੇ ਪੁੱਛਣਾ ਹੈ ਤਾਂ ਮੈਂ ਤਿਆਰੀ ਕਰਦਾ।’ ਰਿਪੋਰਟਰ ਵੱਲੋਂ ਪੁੱਛਣ ’ਤੇ ਮੌਰਿਆ ਨੇ ਕਿਹਾ, ‘ਧਰਮ ਸੰਸਦ ਹਰ ਥਾਂ ਹੁੰਦੀ ਹੈ। ਆਗੂਆਂ ਦਾ ਜੋ ਮਨ ਕਰਦਾ ਹੈ, ਉਹ ਕਹਿੰਦੇ ਹਨ। ਹੁਣ ਜਿਵੇਂ ਮੁਸਲਿਮ ਪਰਸਨਲ ਲਾਅ ਬੋਰਡ ਨੂੰ ਇਹ ਕਹਿਣ ਦਾ ਕੀ ਹੱਕ ਹੈ ਕਿ ਉਹ ਸੂਰਿਆ ਨਮਸਕਾਰ ਨਾਲ ਸਹਿਮਤ ਨਹੀਂ ਹਨ। ਜੇ ਉਹ ਨਹੀਂ ਕਰਨਾ ਚਾਹੁੰਦੇ ਹਨ ਤਾਂ ਨਾ ਕਰਨ।’ ਰਿਪੋਰਟਰ ਨੇ ਮਗਰੋਂ ਮੌਰਿਆ ਨੂੰ ਸਵਾਲ ਕੀਤਾ ਕਿ ਲਾਅ ਬੋਰਡ ਨੇ ਹੱਤਿਆਵਾਂ ਦੀ ਗੱਲ ਨਹੀਂ ਕੀਤੀ ਜਿਵੇਂ ਕਿ ਧਰਮ ਸੰਸਦ ਦੀ ਵੀਡੀਓ ਵਿਚ ਹੈ। ਮੌਰਿਆ ਨੇ ਮਗਰੋਂ ਰਿਪੋਰਟਰ ਨੂੰ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਬਾਰੇ ਸਵਾਲ ਪੁੱਛੇ ਜਾਣ।