ਧਰਮਸ਼ਾਲਾ, 8 ਮਈ
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ’ਤੇ ਖਾਲਿਸਤਾਨ ਦੇ ਝੰਡੇ ਅਤੇ ਦੀਵਾਰਾਂ ’ਤੇ ਨਾਅਰੇ ਲਿਖੇ ਹੋਏ ਮਿਲਣ ਮਗਰੋਂ ਪ੍ਰਸ਼ਾਸਨ ਨੇ ਹਰਕਤ ਵਿੱਚ ਆ ਗਿਆ ਹੈ। ਸੂਬੇ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਨਿਗਰਾਨੀ ਵਧਾ ਦਿੱਤੀ ਗਈ ਹੈ ਅਤੇ ਸਾਰੀਆਂ ਅੰਤਰਰਾਜੀ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇਹ ਝੰਡੇ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਗੇਟ ਨੰਬਰ ਇਕ ਦੇ ਬਾਹਰ ਲਾਏ ਗਏ ਸਨ। ਜਿਵੇਂ ਹੀ ਪ੍ਰਸ਼ਾਸਨ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਇਹ ਝੰਡੇ ਹਟਾ ਦਿੱਤੇ। ਕਾਂਗੜਾ ਦੇ ਐੱਸਪੀ ਕੁਸ਼ਲ ਸ਼ਰਮਾ ਨੇ ਕਿਹਾ ਕਿ ਇਹ ਝੰਡੇ ਕੱਲ੍ਹ ਦੇਰ ਰਾਤ ਜਾਂ ਅੱਜ ਤੜਕੇ ਲਾਏ ਗਏ ਹੋਣਗੇ। ‘ਅਸੀਂ ਵਿਧਾਨ ਸਭਾ ਗੇਟ ਤੋਂ ਖਾਲਿਸਤਾਨੀ ਝੰਡੇ ਹਟਾ ਦਿੱਤੇ ਹਨ।’’ ਘਟਨਾ ਦੀ ਨਿਖੇਧੀ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਫੜ ਲਿਆ ਜਾਵੇਗਾ।