ਨਵੀਂ ਦਿੱਲੀ, 26 ਅਕਤੂਬਰ
ਕਾਂਗਰਸ ਪਾਰਟੀ ਦੀ ਕਮਾਨ ਸੰਭਾਲੇ ਜਾਣ ਮਗਰੋਂ ਮਲਿਕਾਰਜੁਨ ਖੜਗੇ ਨੇ 47 ਮੈਂਬਰੀ ਸਟੀਅਰਿੰਗ ਕਮੇਟੀ ਬਣਾਈ ਹੈ ਜਿਸ ’ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਸ਼ਾਮਲ ਹਨ। ਇਹ ਕਮੇਟੀ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਥਾਂ ਲਵੇਗੀ। ਨਵੀਂ ਕਾਂਗਰਸ ਵਰਕਿੰਗ ਕਮੇਟੀ ਦੇ ਗਠਨ ਤੱਕ ਇਹ ਕਮੇਟੀ ਪਾਰਟੀ ਦਾ ਕੰਮਕਾਜ ਦੇਖੇਗੀ। ਪਿਛਲੀ ਸੀਡਬਲਿਊਸੀ ਦੇ ਜ਼ਿਆਦਾਤਰ ਮੈਂਬਰਾਂ ਨੂੰ ਸਟੀਅਰਿੰਗ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੀਡਬਲਿਊਸੀ ਦੇ ਸਾਰੇ ਮੈਂਬਰਾਂ ਅਤੇ ਪਾਰਟੀ ਦੇ ਅਹੁਦੇਦਾਰਾਂ ਨੇ ਆਪਣੇ ਅਸਤੀਫ਼ੇ ਪਾਰਟੀ ਦੇ ਨਵੇਂ ਪ੍ਰਧਾਨ ਨੂੰ ਸੌਂਪ ਦਿੱਤੇ ਸਨ ਤਾਂ ਜੋ ਉਹ ਆਪਣੀ ਟੀਮ ਚੁਣ ਸਕਣ। ਏਆਈਸੀਸੀ ਜਨਰਲ ਸਕੱਤਰ (ਜਥੇਬੰਦਕ) ਦੀ ਸੂਚਨਾ ਮੁਤਾਬਕ ਕਮੇਟੀ ’ਚ ਪ੍ਰਿਯੰਕਾ ਗਾਂਧੀ ਵਾਡਰਾ, ਏ ਕੇ ਐਂਟਨੀ, ਅੰਬਿਕਾ ਸੋਨੀ, ਆਨੰਦ ਸ਼ਰਮਾ, ਕੇ ਸੀ ਵੇਣੂਗੋਪਾਲ, ਰਣਦੀਪ ਸੁਰਜੇਵਾਲਾ ਅਤੇ ਦਿਗਵਿਜੈ ਸਿੰਘ ਵੀ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ