ਨਵੀਂ ਦਿੱਲੀ, 27 ਸਤੰਬਰ
ਮੁੱਖ ਅੰਸ਼
- ਸ਼ੈਲਜਾ ਦੇ ਨਾਂ ਦੀ ਵੀ ਚਰਚਾ
- ਰਾਹੁਲ ਦਾ ਮਨ ਵੇਣੂਗੋਪਾਲ ’ਤੇ
- ਪਵਨ ਬਾਂਸਲ ਨੇ ਵੀ ਲਏ ਦੋ ਨਾਮਜ਼ਦਗੀ ਪੱਤਰ
- ਮਿਸਤਰੀ ਨੇ ਸੋਨੀਆ ਗਾਂਧੀ ਨੂੰ ਵੋਟਰਾਂ ਦੀ ਸੂਚੀ ਸੌਂਪੀ
- ਅੰਤਰਿਮ ਪ੍ਰਧਾਨ ਨੇ ਐਂਟਨੀ ਤੇ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਦਿੱਲੀ ਸੱਦਿਆ
ਕਾਂਗਰਸ ਪ੍ਰਧਾਨ ਦੀ ਚੋਣ ਲਈ ਸੰਭਾਵੀ ਉਮੀਦਵਾਰਾਂ ਦੀ ਦੌੜ ’ਚ ਕਿਸੇ ਵੇਲੇ ਮੋਹਰੀ ਰਹੇ ਅਸ਼ੋਕ ਗਹਿਲੋਤ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ’ਚ ਕੀਤੀ ਨਾਂਹ-ਨੁੱਕਰ ਮਗਰੋਂ ਮਲਿਕਾਰਜੁਨ ਖੜਗੇ, ਮੁਕੁਲ ਵਾਸਨਿਕ, ਅੰਬਿਕਾ ਸੋਨੀ ਤੇ ਦਿਗਵਿਜੈ ਸਿੰਘ ਦੇ ਨਾਂ ਸਾਹਮਣੇ ਆਉਣ ਮਗਰੋਂ ਚੋਣ ਮੈਦਾਨ ਮੁੜ ਭਖ ਗਿਆ ਹੈ। ਸੂਤਰਾਂ ਮੁਤਾਬਕ ਇਨ੍ਹਾਂ ਵਿਚੋਂ ਖੜਗੇੇ ਸਿਖਰਲੀ ਚੋਣ ਹੋ ਸਕਦੇ ਹਨ ਤੇ ਇਨ੍ਹਾਂ ਸਾਰੇ ਆਗੂਆਂ ਨੂੰ ਵੀਰਵਾਰ ਨੂੰ ਨਾਮਜ਼ਦਗੀ ਭਰਨ ਲਈ ਸੱਦਿਆ ਜਾ ਸਕਦਾ ਹੈ। ਇਸ ਦੌਰਾਨ ਕੁਮਾਰੀ ਸ਼ੈਲਜਾ ਦੇ ਨਾਂ ਦੀ ਵੀ ਚਰਚਾ ਹੈ ਜਦੋਂਕਿ ਰਾਹੁਲ ਗਾਂਧੀ ਦਾ ਮਨ ਕੇ.ਸੀ.ਵੇਣੂਗੋਪਾਲ ’ਤੇ ਟਿਕਿਆ ਦੱਸਿਆ ਜਾਂਦਾ ਹੈ। ਉਧਰ ਕਾਂਗਰਸ ਦੇ ਖ਼ਜ਼ਾਨਚੀ ਪਵਨ ਕੁਮਾਰ ਬਾਂਸਲ ਨੇ ਵੀ ਕੇਂਦਰੀ ਚੋਣ ਅਥਾਰਿਟੀ ਤੋਂ ਦੋ ਨਾਮਜ਼ਦਗੀ ਫਾਰਮ ਲਏ ਹਨ। ਬਾਂਸਲ ਨੇ ਹਾਲਾਂਕਿ ਦਾਅਵਾ ਕੀਤਾ ਕਿ ਉਹ ਉਮੀਦਵਾਰ ਨਹੀਂ ਬਲਕਿ ਸਿਰਫ਼ ਹੋਰਨਾਂ ਦੀ ਤਾਈਦ ਕਰਨ ਵਾਲੇ ਹਨ। ਇਸ ਦੌਰਾਨ ਸੋਨੀਆ ਗਾਂਧੀ ਵੱਲੋਂ ਏ.ਕੇ.ਐਂਟਨੀ ਤੇ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਦਿੱਲੀ ਸੱਦੇ ਜਾਣ ਦੀਆਂ ਰਿਪੋਰਟਾਂ ਹਨ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ, ‘‘ਹੁਣ ਤੱਕ ਸ਼ਸ਼ੀ ਥਰੂਰ ਤੇ ਪਵਨ ਬਾਂਸਲ ਨੇ ਹੀ ਨਾਮਜ਼ਦਗੀ ਫਾਰਮ ਲਏ ਹਨ।’’ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਕਮਲ ਨਾਥ ਨੇ ਲੰਘੇ ਦਿਨ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਪਾਰਟੀ ਪ੍ਰਧਾਨ ਨਹੀਂ ਬਣਨਾ ਚਾਹੁੰਦੇ ਤੇ ਮੱਧ ਪ੍ਰਦੇਸ਼ ਵਿੱਚ ਹੀ ਪਾਰਟੀ ਲਈ ਕੰਮ ਕਰਨ ਦੇ ਇੱਛੁਕ ਹਨ।
ਰਾਜਸਥਾਨ ਵਿੱਚ ਜਾਰੀ ਸੰਕਟ ਦਰਮਿਆਨ ਕਾਂਗਰਸ ਪਾਰਟੀ ਨੇ ਪ੍ਰਧਾਨਗੀ ਦੀ ਚੋਣ ਲਈ ਪਲਾਨ ‘ਬੀ’ ਉੱਤੇ ਸੋਚ ਵਿਚਾਰ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਪਾਰਟੀ ਜੇਕਰ ਕਿਸੇ ਨੌਜਵਾਨ ਚਿਹਰੇ ਨੂੰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਸੋਚਦੀ ਹੈ ਤਾਂ ਏਆਈਸੀਸੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਸੰਭਾਵੀ ਉਮੀਦਵਾਰ ਹੋ ਸਕਦੇ ਹਨ। ਦਿਗਵਿਜੈ ਸਿੰਘ ਵੀ ਪਾਰਟੀ ਪ੍ਰਧਾਨ ਦੀ ਦੌੜ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਚੁੱਕੇ ਹਨ, ਪਰ ਪਾਰਟੀ ਵਿੱਚ ਤੇਜ਼ੀ ਨਾਲ ਬਦਲਦੇ ਹਾਲਾਤ ਦਰਮਿਆਨ ਕੁਝ ਵੀ ਸੰਭਵ ਹੈ। ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 30 ਸਤੰਬਰ ਹੈ। ਇਸ ਦੌਰਾਨ ਪਾਰਟੀ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਅੱਜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ 10 ਜਨਪਥ ਰਿਹਾਇਸ਼ ਵਿੱਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੀ ਚੋਣ ਲਈ ਕਿਊਆਰ-ਕੋਡ ਵਾਲਾ ਪਛਾਣ ਪੱਤਰ ਤੇ ਵੋਟਰ ਸੂਚੀ ਸੌਂਪੀ। ਮਿਸਤਰੀ ਨੇ ਕਿਹਾ ਕਿ ਸੀਨੀਅਰ ਪਾਰਟੀ ਆਗੂ ਸ਼ਸ਼ੀ ਥਰੂਰ ਨੇ ਉਨ੍ਹਾਂ ਦੇ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਉਹ 30 ਸਤੰਬਰ ਨੂੰ ਸਵੇਰੇ 11 ਵਜੇ ਪਾਰਟੀ ਪ੍ਰਧਾਨ ਲਈ ਆਪਣੀ ਨਾਮਜ਼ਦਗੀ ਭਰਨਗੇ। -ਪੀਟੀਆਈ
ਰਾਹੁਲ ਗਾਂਧੀ ਮੁੜ ਪਾਰਟੀ ਦੇ ਪ੍ਰਧਾਨ ਬਣਨ: ਸ਼ਿਵਕੁਮਾਰ
ਚਿਤਰਦੁਰਗ: ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਅੱਜ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਕਟ ਦੇ ਦੌਰ ’ਚ ਪਾਰਟੀ ਨੂੰ ਬਚਾਉਣ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਵਜੋਂ ਅਹੁਦਾ ਮੁੜ ਸੰਭਾਲ ਲੈਣ। ਉਨ੍ਹਾਂ ਕਿਹਾ ਕਿ ਸਿਰਫ਼ ਗਾਂਧੀ ਪਰਿਵਾਰ ਹੀ ਦੇਸ਼ ਤੇ ਪਾਰਟੀ ਨੂੰ ਇਕਜੁੱਟ ਰੱਖ ਸਕਦਾ ਹੈ ਅਤੇ ਦੇਸ਼ ਭਰ ’ਚ ਕਾਂਗਰਸ ਵਰਕਰਾਂ ਦੀ ਮੰਗ ਹੈ ਕਿ ਰਾਹੁਲ ਗਾਂਧੀ ਮੁੜ ਪਾਰਟੀ ਦੇ ਪ੍ਰਧਾਨ ਬਣਨ। -ਪੀਟੀਆਈ
ਗਹਿਲੋਤ ਨੇੜਲੇ ਤਿੰਨ ਆਗੂਆਂ ਨੂੰ ‘ਕਾਰਨ ਦੱਸੋ’ ਨੋਟਿਸ
ਨਵੀਂ ਦਿੱਲੀ: ਰਾਜਸਥਾਨ ਵਿੱਚ ਜਾਰੀ ਸੰਕਟ ਦਰਮਿਆਨ ਕਾਂਗਰਸ ਨਿਗਰਾਨਾਂ ਮਲਿਕਾਰਜੁਨ ਖੜਗੇ ਤੇ ਅਜੈ ਮਾਕਨ ਨੇ ਆਪਣੀ ਰਿਪੋਰਟ ਵਿੱਚ ਦੋ ਮੰਤਰੀਆਂ ਸਣੇ ਤਿੰਨ ਪਾਰਟੀ ਆਗੂਆਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਸੀ, ਜਿਸ ਮਗਰੋਂ ਪਾਰਟੀ ਨੇ ਗਹਿਲੋਤ ਦੇ ਕਰੀਬੀ ਤਿੰਨੋਂ ਆਗੂਆਂ ਕੈਬਨਿਟ ਮੰਤਰੀ ਸ਼ਾਂਤੀ ਧਾਰੀਵਾਲ, ਪਾਰਟੀ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਤੇ ਵਿਧਾਇਕ ਧਰਮੇਂਦਰ ਰਾਠੌੜ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਕੇ ਦਸ ਦਿਨਾਂ ’ਚ ਜਵਾਬ ਮੰਗ ਲਿਆ ਹੈ। ਉਧਰ ਸੂਤਰਾਂ ਮੁਤਾਬਕ ਗਹਿਲੋਤ ਨੇ ਸੋਨੀਆ ਗਾਂਧੀ ਤਕ ਪਹੁੰਚ ਕਰਕੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ। ਇਸ ਦੌਰਾਨ ਸਚਿਨ ਪਾਇਲਟ ਵੀ ਦਿੱਲੀ ਪੁੱਜ ਗਏ ਹਨ।