ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਮਾਰਚ
ਜ਼ਿਲ੍ਹੇ ਦੇ ਪਿੰਡ ਖੇੜੀ ਗੰਡਿਆਂ ਦੇ ਦੋ ਮਾਸੂਮਾਂ ਦੀ ਹੱਤਿਆ ਦੇ ਡੇਢ ਸਾਲ ਪੁਰਾਣੇ ਮਾਮਲੇ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਚਾਰ ਸਾਲਾ ਹਸਨਦੀਪ ਸਿੰਘ ਅਤੇ 10 ਸਾਲਾ ਜਸ਼ਨਦੀਪ ਸਿੰਘ ਨੂੰ ਉਨ੍ਹਾਂ ਦੀ ਮਾਂ ਮਨਜੀਤ ਕੌਰ ਨੇ ਹੀ ਆਪਣੇ ਪ੍ਰੇਮੀ ਤੇ ਪਤੀ ਦੇ ਮਸੇਰੇ ਭਰਾ ਬਲਜੀਤ ਸਿੰਘ ਮਹਿਮਾ ਤੋਂ ਨਹਿਰ ਵਿੱਚ ਸੁੱਟਵਾ ਦਿੱਤਾ ਸੀ। ਪੁਲੀਸ ਲਈ ਵੱਡੀ ਚੁਣੌਤੀ ਬਣੇ ਇਸ ਕੇਸ ਨੂੰ ਘਨੌਰ ਦੇ ਡੀਐੱਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਥਾਣਾ ਖੇੇੜੀ ਗੰਡਿਆਂ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਹੱਲ ਕੀਤਾ ਹੈ। ਬੱਚਿਆਂ ਦੇ ਲਾਪਤਾ ਹੋਣ ਦੀ ਗੱਲ ਆਖਣ ’ਤੇ ਪੁਲੀਸ ਵੱਲੋਂ ਉਨ੍ਹਾਂ ਦੀ ਭਾਲ ਵਿਚ ਕਰੀਬ ਇਕ ਮਹੀਨਾ ਵੱਡੀ ਪੱਧਰ ’ਤੇ ਮੁਹਿੰਮ ਚਲਾਈ ਗਈ ਸੀ। ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਕਈ ਵਾਰ ਕੌਮੀ ਸ਼ਾਹਰਾਹ ਜਾਮ ਕੀਤਾ ਗਿਆ। ਵਿਰੋਧੀ ਧਿਰਾਂ ਵੀ ਇਸ ਮੁੱਦੇ ’ਤੇ ਸਰਕਾਰ ਨੂੰ ਘੇਰਦੀਆਂ ਰਹੀਆਂ। ਭਾਵੇਂ ਕਿ ਮਾਂ ’ਤੇ ਸ਼ੱਕ ਤਾਂ ਪਹਿਲਾਂ ਹੀ ਸੀ, ਪਰ ਸਿੱਧੇ ਤੌਰ ’ਤੇ ਉਂਗਲਧਰਨ ਦੀ ਬਜਾਏ ਪੁਲੀਸ ਨੇ ਤਕਨੀਕੀ ਅਤੇ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਦੋਹਰੇ ਕਤਲ ਕਾਂਡ ਨੂੰ ਸੁਲਝਾਉਣ ਦਾ ਖੁਲਾਸਾ ਐੱਸਐਸਪੀ ਵਿਕਰਮਜੀਤ ਦੁੱਗਲ ਨੇ ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤਾ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਪਤੀ ਦੀਦਾਰ ਸਿੰਘ ਨੂੰ ਪ੍ਰੇਮ ਸਬੰਧਾਂ ਦਾ ਪਤਾ ਲੱਗਣ ’ਤੇ ਘਰ ਵਿਚ ਕਲੇਸ਼ ਰਹਿਣ ਲੱਗਾ ਸੀ ਅਤੇ ਪਤੀ ਨੂੰ ਸਬਕ ਸਿਖਾਉਣ ਲਈ ਮਨਜੀਤ ਕੌਰ ਨੇ 22 ਜੁਲਾਈ 2019 ਨੂੰ ਆਪਣੇ ਪ੍ਰੇਮੀ ਰਾਹੀਂ ਬੱਚਿਆਂ ਦੀ ਹੱਤਿਆ ਕਰਵਾ ਦਿੱਤੀ। ਬੱਚਿਆਂ ਨੂੰ ਰਾਤ 8.30 ਵਜੇ ਕੋਲਡ ਡਰਿੰਕ ਮੰਗਵਾਉਣ ਬਹਾਨੇ ਪਿੰਡ ਦੇ ਗੁਰਦੁਆਰੇ ਕੋਲ ਭੇਜਿਆ ਗਿਆ। ਉੱਥੋਂ ਬਲਜੀਤ ਬੱਚਿਆਂ ਨੂੰ ਸਕੂਟਰ ਰਾਹੀਂ ਲੈ ਗਿਆ ਅਤੇ ਉਸ ਨੇ ਦੋਹਾਂ ਬੱਚਿਆਂ ਨੂੰ ਪਿੰਡ ਨੇੜਿਓਂ ਲੰਘਦੀ ਨਰਵਾਣਾ ਬ੍ਰਾਂਚ ਨਹਿਰ ’ਚ ਸੁੱਟ ਦਿੱਤਾ। ਉਪਰੰਤ ਬੱਚਿਆਂ ਦੀ ਮਾਂ ਨੇ ਬੱਚਿਆਂ ਦੇ ਅਗਵਾ ਹੋਣ ਦੀ ਅਫ਼ਵਾਹ ਫੈਲਾ ਦਿੱਤੀ। 23 ਜੁਲਾਈ 2019 ਨੂੰ ਪੁਲੀਸ ਨੇ ਧਾਰਾ 365 ਤਹਿਤ ਕੇਸ ਦਰਜ ਕਰਦਿਆਂ ਬੱਚਿਆਂ ਦੀ ਭਾਲ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡ ਵਿਚਲੇ ਸਮੂਹ ਘਰਾਂ ਤੇ ਖੇਤਾਂ ਦੀ ਤਲਾਸ਼ੀ ਲਈ। ਫਿਰ ਨਹਿਰ ਖਾਲੀ ਕਰਵਾਈ ਗਈ ਅਤੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨਹਿਰ ਵਿੱਚੋਂਂ ਮਿਲ ਗਈਆਂ।
ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਡੀਐੱਸਪੀ ਜਸਵਿੰਦਰ ਟਿਵਾਣਾ ਦੀ ਅਗਵਾਈ ਹੇਠ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਟੀਮ ਵੱਲੋਂ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਅਮਲ ’ਚ ਲਿਆਂਦੀ ਗਈ ਤਫ਼ਤੀਸ਼ ਹੀ ਇਸ ਪੇਚੀਦਾ ਮਾਮਲੇ ਨੂੰ ਸੁਲਝਾਉਣ ਵਿਚ ਕਾਰਗਰ ਸਾਬਿਤ ਹੋਈ। ਇਸ ਮੌਕੇ ਡੀਐੱਸਪੀ (ਐੱਚ) ਗੁਰਦੇਵ ਧਾਲੀਵਾਲ, ਡੀਐੱਸਪੀ (ਘਨੌਰ) ਜਸਵਿੰਦਰ ਟਿਵਾਣਾ ਅਤੇ ਕੇਸ ਹੱਲ ਕਰਨ ਵਾਲੇ ਖੇੇੜੀ ਗੰਡਿਆਂ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਵੀ ਟੀਮ ਸਮੇਤ ਮੌਜੂਦ ਸਨ। ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਤੋਂ ਉਨ੍ਹਾਂ ਦਾ ਪੰਜ ਰੋਜ਼ਾ ਰਿਮਾਂਡ ਲਿਆ ਗਿਆ ਹੈ।