ਟ੍ਰਿਬਿਊਨ ਨਿਊਜ਼ ਸਰਵਿਸ
ਸੋਲਨ, 20 ਅਕਤੂਬਰ
ਇਤਿਹਾਸਕ ਕਸੌਲੀ ਕਲੱਬ ਵਿੱਚ ਤਿੰਨ ਰੋਜ਼ਾ ਖੁਸ਼ਵੰਤ ਸਿੰਘ ਲਿਟ ਫੇੈਸਟ ਅੱਜ ਸਮਾਪਤ ਹੋ ਗਿਆ। ਦੇਸ਼ ਵਿਦੇਸ਼ ਤੋਂ ਆਈਆਂ ਸ਼ਖ਼ਸੀਅਤਾਂ ਮੁੜ ਮਿਲਣ ਦਾ ਵਾਅਦਾ ਕਰ ਕੇ ਪਰਤ ਗਈਆਂ। ਫੇੈਸਟ ਦੇ ਪ੍ਰਬੰਧਕ ਤੇ ਖੁਸ਼ਵੰਤ ਸਿੰਘ ਦੇ ਪੁੱਤਰ ਰਾਹੁਲ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਖੁਸ਼ਵੰਤ ਸਿੰਘ ਲਿਟਰੇਰੀ ਫੈਸਟੀਵਲ ਦੇ ਤੀਜੇ ਦਿਨ ਸਮਾਪਤੀ ਸੈਸ਼ਨ ਵਿੱਚ ਬੁਲਾਰੇ ਅਮਿਤਾਭ ਕਾਂਤ ਨੇ ਵਾਰਤਾਕਾਰ ਰਾਹੁਲ ਸਿੰਘ ਨਾਲ ‘ਵਿਕਸਿਤ ਭਾਰਤ 2047’ ਬਾਰੇ ਗੱਲਬਾਤ ਕੀਤੀ। ਚਰਚਾ ਵਿੱਚ ਭਾਰਤ ਦੇ ਵਿਕਸਿਤ ਰਾਸ਼ਟਰ ਬਣਨ ਦੇ ਮਾਰਗ ਦੀ ਕਲਪਨਾ ਨੂੰ ਅਮਲੀ ਰੂਪ ਦੇਣ ਦੀ ਗੱਲ ’ਤੇ ਜ਼ੋਰ ਦਿੱਤਾ ਗਿਆ। ਅਮਿਤਾਭ ਕਾਂਤ ਨੇ ਭਾਰਤ ਦੇ ਮਾਣਮੱਤੇ ਅਤੀਤ ਤੋਂ ਲੈ ਕੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਗੱਲਬਾਤ ਕਰਦਿਆਂ ਕਾਂਤ ਨੇ ਕਿਹਾ ਕਿ ਜੇਕਰ ਦੇਸ਼ ਨੂੰ ਆਰਥਿਕ ਹੁਲਾਰਾ ਦੇਣਾ ਹੈ ਤਾਂ ਵਰਕਫੋਰਸ ਵਿੱਚ ਔਰਤਾਂ ਦੀ ਹਿੱਸੇਦਾਰੀ 50 ਫੀਸਦੀ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੀ ਜੀਡੀਪੀ 9 ਤੋਂ 10 ਫੀਸਦੀ ਹੋਵੇਗੀ ਅਤੇ ਇਹ ਜੀਡੀਪੀ ਇੱਕ ਦੋ ਸਾਲਾਂ ਲਈ ਨਹੀਂ ਸਗੋਂ ਸਥਾਈ ਹੋਵੇਗੀ। ਇਸ ਸਮੇਂ ਦੇਸ਼ ਦੀ ਸਿਰਫ਼ 37.5 ਫੀਸਦੀ ਔਰਤਾਂ ਹੀ ਇਕਨਾਮਿਕ ਵਰਕਫੋਰਸ ਵਿੱਚ ਹਨ।
‘ਸਮਕਾਲੀ ਭਾਰਤ ਵਿੱਚ ਨਿਆਂ, ਆਜ਼ਾਦੀ ਤੇ ਬਰਾਬਰੀ’ ਬਾਰੇ ਚਰਚਾ
ਖੁਸ਼ਵੰਤ ਸਿੰਘ ਲਿਟ ਫੈਸਟ ਦੇ ਅਖ਼ੀਰਲੇ ਦਿਨ ਦੇ ਦੂਸਰੇ ਸੈਸ਼ਨ ਵਿੱਚ ਬੁਲਾਰੇ ਸੌਰਭ ਕਿਰਪਾਲ ਅਤੇ ਰੋਹਿਨ ਭੱਟ ਨੇ ‘ਕੁੱਝ ਭਾਰਤੀ ਦੂਸਰਿਆਂ ਦੇ ਮੁਕਾਬਲੇ ਵੱਧ ਬਰਾਬਰ ਹਨ’ ਵਿਸ਼ੇ ’ਤੇ ਵਾਰਤਾਕਾਰ ‘ਦਿ ਟ੍ਰਿਬਿਊਨ’ ਗਰੁੱਪ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਨਾਲ ਚਰਚਾ ਕੀਤੀ। ਇਸ ਦੌਰਾਨ ਸਮਕਾਲੀ ਭਾਰਤ ਵਿੱਚ ਨਿਆਂ, ਆਜ਼ਾਦੀ ਅਤੇ ਬਰਾਬਰੀ ਦੇ ਦਬਾਅ ਵਾਲੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ। ‘ਇੱਕ ਪੁਰਾਣੀ ਆਵਾਜ਼, ਇੱਕ ਨਵੀਂ ਕਿਤਾਬ’ ਸੈਸ਼ਨ ਵਿੱਚ ਬੁਲਾਰੇ ਭਾਈਚੰਦ ਪਟੇਲ ਨੇ ਵਾਰਤਾਕਾਰ ਵਿਕਰਮਜੀਤ ਸਾਹਨੀ ਨਾਲ ਗੱਲਬਾਤ ਕੀਤੀ। ਇੱਕ ਹੋਰ ਸੈਸ਼ਨ ਵਿੱਚ ‘ਲੈਟਸ ਟਾਕ ਅਬਾਊਟ ਸੈਕਸ, ਬੇਬੀ’ ਵਿਸ਼ੇ ’ਤੇ ਬੁਲਾਰੇ ਨੇਹਾ ਭੱਟ ਨੇ ਵਾਰਤਾਕਾਰ ਬੱਚੀ ਕਰਕਰੀਆ ਨਾਲ ਗੱਲਬਾਤ ਕੀਤੀ। ਇਸ ਦਾ ਮਕਸਦ ਸੈਕਸ ਸਬੰਧੀ ਸਵਾਲਾਂ ਨੂੰ ਸੁਲਝਾਉਣਾ ਸੀ। ਭੱਟ ਨੇ ਸਮਾਜਿਕ ਬੰਦਿਸ਼ਾਂ ਅਤੇ ਗ਼ਲਤ ਧਾਰਨਾਵਾਂ ਦਾ ਵੀ ਜ਼ਿਕਰ ਕੀਤਾ। ਸ੍ਰੀਰਾਮ ਦੇਵਥਾ ਨੇ ‘ਚੀਅਰਜ਼’ ਸੈਸ਼ਨ ਵਿੱਚ ਵਾਰਤਾਕਾਰ ਡੈਸਮੰਡ ਨਾਜਰੇਥ ਨਾਲ ਗੱਲਬਾਤ ਕੀਤੀ।