ਕਬਿਿਥੂ (ਅਰੁਣਾਚਲ ਪ੍ਰਦੇਸ਼), 10 ਸਤੰਬਰ
ਚੀਨ ਨਾਲ ਲਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਲੋਹਿਤ ਘਾਟੀ ਕੰਢੇ ਸਥਿਤ ਫ਼ੌਜੀ ਸਟੇਸ਼ਨ ਅਤੇ ਇਸ ਪਹਾੜੀ ਇਲਾਕੇ ’ਚ ਸਥਿਤ ਅਹਿਮ ਸੜਕ ਦਾ ਨਾਂ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੇ ਨਾਂ ’ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਰੀਬ ਨੌਂ ਮਹੀਨੇ ਪਹਿਲਾਂ ਹੈਲੀਕਾਪਟਰ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਨੌਜਵਾਨ ਕਰਨਲ ਵਜੋਂ ਸ੍ਰੀ ਰਾਵਤ ਨੇ ਆਪਣੀ 5/11 ਗੋਰਖਾ ਰਾਈਫਲ ਬਟਾਲੀਅਨ ਦੀ ਕਬਿਿਥੂ ਵਿੱਚ ਸਾਲ 1999-2000 ਤਕ ਅਗਵਾਈ ਕੀਤੀ ਸੀ। ਉਨ੍ਹਾਂ ਇਸ ਇਲਾਕੇ ਵਿੱਚ ਸੁਰੱਖਿਆ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇੱਥੇ ਸਥਿਤ ਫ਼ੌਜੀ ਕੈਂਪ ਅਤੇ 22 ਕਿਲੋਮੀਟਰ ਲੰਬੀ ਵਲੌਂਗ ਤੋਂ ਕਬਿਿਥੂ ਸੜਕ ਦਾ ਨਾਂ ਜਨਰਲ ਰਾਵਤ ਦੇ ਨਾਂ ’ਤੇ ਰੱਖਿਆ ਗਿਆ ਹੈ। ਇਸ ਸਬੰਧੀ ਹੋਏ ਸਮਾਗਮ ਵਿੱਚ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ, ਮੁੱਖ ਮੰਤਰੀ ਪੇਮਾ ਖਾਂਡੂ, ਪੂਰਬੀ ਫ਼ੌਜ ਕਮਾਂਡਰ ਲੈਫਟੀਨੈਂਟ ਜਨਰਲ ਰਾਣਾ ਪ੍ਰਤਾਪ ਕਲੀਤਾ ਅਤੇ ਮਰਹੂਮ ਜਨਰਲ ਦੀਆਂ ਧੀਆਂ ਕ੍ਰਿਤਿਕਾ ਅਤੇ ਤਾਰਿਨੀ ਵੀ ਹਾਜ਼ਰ ਸਨ। ਇਸ ਦੌਰਾਨ ਫ਼ੌਜ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।ਕਬਿਿਥੂ ਮਿਲਟਰੀ ਕੈਂਪ ਦਾ ਨਾਂ ਬਦਲ ਕੇ ਜਨਰਲ ਬਿਪਿਨ ਰਾਵਤ ਮਿਲਟਰੀ ਗੈਰੀਸਨ ਰੱਖਿਆ ਗਿਆ। ਇੱਥੇ ਇੱਕ ਵੱਡੇ ਤੇ ਸ਼ਾਨਦਾਰ ਗੇਟ ਦੀ ਉਸਾਰੀ ਸਥਾਨਕ ਰਵਾਇਤਾਂ ’ਤੇ ਆਧਾਰਿਤ ਬਣਾਵਟ ਮੁਤਾਬਕ ਕੀਤੀ ਗਈ ਹੈ। ਇਸ ਦਾ ਉਦਘਾਟਨ ਰਾਜਪਾਲ ਸ੍ਰੀ ਮਿਸ਼ਰਾ ਵੱਲੋਂ ਕੀਤਾ ਗਿਆ ਸੀ। ਇਸੇ ਦੌਰਾਨ ਵਲੌਂਗ ਤੋਂ ਕਬਿਿਥੂ ਤੱਕ 22 ਕਿਲੋਮੀਟਰ ਲੰਮੀ ਸੜਕ ਨੂੰ ਮੁੱਖ ਮੰਤਰੀ ਖਾਂਡੂ ਵੱਲੋਂ ਜਨਰਲ ਬਿਪਿਨ ਰਾਵਤ ਮਾਰਗ ਵਜੋਂ ਸਮਰਪਿਤ ਕੀਤਾ ਗਿਆ ਸੀ। ਇਸ ਮੌਕੇ ਜਨਰਲ ਰਾਵਤ ਦੇ ਵੱਡੇ ਕੰਧ ਚਿੱਤਰ ਤੋਂ ਵੀ ਪਰਦਾ ਚੁੱਕਿਆ ਗਿਆ। -ਪੀਟੀਆਈ