ਜੰਮੂ, 10 ਨਵੰਬਰ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਦੂਰ-ਦੁਰਾਡੇ ਜੰਗਲੀ ਇਲਾਕੇ ਵਿੱਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਫੌਜ ਦਾ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ (ਜੇਸੀਓ) ਸ਼ਹੀਦ ਹੋ ਗਿਆ, ਜਦਕਿ ਤਿੰਨ ਜਵਾਨ ਜ਼ਖ਼ਮੀ ਹੋ ਗਏ। ਫੌਜ ਨੇ ਸ਼ਹੀਦ ਜਵਾਨ ਦੀ ਪਛਾਣ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਵਜੋਂ ਕੀਤੀ ਹੈ ਅਤੇ ਉਨ੍ਹਾਂ ਦੇ ਬਲੀਦਾਨ ਨੂੰ ਸਲਾਮ ਕੀਤਾ ਹੈ।
ਫੌਜ ਨੇ ‘ਐਕਸ’ ਉੱਤੇ ਤਾਜ਼ਾ ਪੋਸਟ ਵਿੱਚ ਕਿਹਾ, ‘‘ਵ੍ਹਾਈਟ ਨਾਈਟ ਕੋਰ ਦੇ ਜੀਓਸੀ (ਜਨਰਲ ਆਫੀਸਰ ਕਮਾਂਡਿੰਗ) ਅਤੇ ਹੋਰ ਅਧਿਕਾਰੀਆਂ ਤੇ ਜਵਾਨਾਂ ਨੇ ਬਹਾਦਰ ਨਾਇਬ ਸੂਬੇਦਾਰ ਰਾਕੇਸ਼ ਕੁਮਾਰ ਦੇ ਸਰਵੋਤਮ ਬਲੀਦਾਨ ਨੂੰ ਸਲਾਮ ਕੀਤਾ ਹੈ। ਭਾਰਤ ਰਿੱਜ ਕਿਸ਼ਤਵਾੜ ਦੇ ਖੇਤਰ ਵਿੱਚ ਸ਼ੁਰੂ ਕੀਤੀ ਗਈ ਸਾਂਝੀ ਅਤਿਵਾਦ ਵਿਰੋਧੀ ਮੁਹਿੰਮ ਦਾ ਸੂਬੇਦਾਰ ਰਾਕੇਸ਼ ਕੁਮਾਰ ਹਿੱਸਾ ਸੀ। ਦੁੱਖ ਦੀ ਇਸ ਘੜੀ ਵਿੱਚ ਅਸੀਂ ਪਰਿਵਾਰ ਨਾਲ ਖੜ੍ਹੇ ਹਾਂ।’’
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦੋ ਪੇਂਡੂ ਰੱਖਿਆ ਗਾਰਡਾਂ ਨਜ਼ੀਰ ਅਹਿਮਦ ਤੇ ਕੁਲਦੀਪ ਕੁਮਾਰ ਦੀਆਂ ਗੋਲੀਆਂ ਨਾਲ ਵਿੰਨੀਆਂ ਲਾਸ਼ਾਂ ਕੁੰਤਵਾੜਾ ਜੰਗਲ ਅੰਦਰ ਇੱਕ ਨਾਲੇ ਨੇੜਿਉਂ ਮਿਲੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਤੋਂ ਕੁਝ ਕਿਲੋਮੀਟਰ ਦੂਰ ਕੁੰਤਵਾੜਾ ਤੇ ਕੇਸਵਾਂ ਦੇ ਜੰਗਲਾਂ ਵਿੱਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵੀਰਵਾਰ ਸ਼ਾਮ ਤੋਂ ਫੌਜ ਤੇ ਪੁਲੀਸ ਬਲਾਂ ਦਾ ਸਾਂਝਾ ਅਪਰੇਸ਼ਨ ਚੱਲ ਰਿਹਾ ਹੈ। ਇਸ ਦੌਰਾਨ ਕੇਸਵਾਂ ਦੇ ਜੰਗਲ ਵਿੱਚ ਲੁਕੇ ਦਹਿਸ਼ਤਗਰਦਾਂ ਨਾਲ ਅੱਜ ਸਵੇਰੇ 11 ਵਜੇ ਮੁਕਾਬਲਾ ਹੋ ਗਿਆ।
ਪੁਲੀਸ ਦੇ ਤਰਜਮਾਨ ਨੇ ਕਿਹਾ, ‘‘ਕੇਸਵਾਂ ਤੇ ਕਿਸ਼ਤਵਾੜ ਇਲਾਕੇ ਵਿੱਚ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਜਾਰੀ ਹੈ। ਮੰਨਿਆ ਜਾਂਦਾ ਹੈ ਕਿ ਸੁਰੱਖਿਆ ਬਲਾਂ ਨੇ ਤਿੰਨ ਜਾਂ ਚਾਰ ਦਹਿਸ਼ਤਗਰਦਾਂ ਨੂੰ ਘੇਰਾ ਪਾਇਆ ਹੋਇਆ ਹੈ।’’ ਅਧਿਕਾਰੀਆਂ ਨੇ ਕਿਹਾ ਕਿ ਇਹ ਉਹੀ ਦਹਿਸ਼ਤਗਰਦ ਹਨ ਜਿਨ੍ਹਾਂ ਨੇ ਦੋ ਪਿੰਡ ਵਾਸੀਆਂ ਦੀ ਹੱਤਿਆ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ੁਰੂਆਤੀ ਮੁਕਾਬਲੇ ਵਿੱਚ ਚਾਰ ਫੌਜੀ ਜਵਾਨ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਜਵਾਨ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਮੁਕਾਬਲਾ ਅਜੇ ਜਾਰੀ ਹੈ। -ਪੀਟੀਆਈ
ਅਤਿਵਾਦੀਆਂ ਵੱਲੋਂ ਜ਼ਬਰਵਾਨ ਵਿੱਚ ਸੁਰੱਖਿਆ ਬਲਾਂ ’ਤੇ ਗੋਲੀਬਾਰੀ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਜ਼ਬਰਵਾਨ ਰੇਂਜ ਦੇ ਸੰਘਣੇ ਜੰਗਲਾਂ ਵਿੱਚ ਅਤਿਵਾਦੀਆਂ ਵੱਲੋਂ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਕੀਤੀ ਗਈ। ਇਸ ਇਲਾਕੇ ਵਿੱਚ ਲਗਪਗ ਦੋ ਦਹਾਕਿਆਂ ਵਿੱਚ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਹੈ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਇਸ ਇਲਾਕੇ ਵਿੱਚ ਹੋਰ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜ਼ਬਰਵਾਨ ਵਿੱਚ ਕਈ ਘੰੰਟੇ ਮੁਕਾਬਲਾ ਚੱਲਿਆ। ਇਸ ਮਗਰੋਂ ਅਤਿਵਾਦੀ ਸੰਘਣੇ ਜੰਗਲਾਂ ਦਾ ਫ਼ਾਇਦਾ ਉਠਾਉਂਦਿਆਂ ਫ਼ਰਾਰ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਦੀ ਭਾਲ ਲਈ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰੇ ਲਗਪਗ ਨੌ ਵਜੇ ਫੌਜ, ਪੁਲੀਸ ਤੇ ਸੀਆਰਪੀਐੱਫ ਦੇ ਜਵਾਨਾਂ ਦੀ ਇੱਕ ਟੁੱਕੜੀ ਉੱਥੇ ਪੁੱਜੀ। ਤਲਾਸ਼ੀ ਮੁਹਿੰਮ ਚਲਾਉਣ ਤੋਂ ਫੌਰੀ ਮਗਰੋਂ ਜੰਗਲ ਵਿੱਚ ਗੋਲੀਆਂ ਦੀ ਆਵਾਜ਼ ਗੂੰਜਣ ਲੱਗੀ। ਲੋਕ ਦਹਿਸ਼ਤ ਕਾਰਨ ਇਲਾਕਾ ਛੱਡ ਕੇ ਭੱਜ ਗਏ। -ਪੀਟੀਆਈ