ਕੋਲਕਾਤਾ, 8 ਅਕਤੂਬਰ
ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਤਕਰੀਬਨ 50 ਸੀਨੀਅਰ ਡਾਕਟਰਾਂ ਨੇ ਅੱਜ ਉਨ੍ਹਾਂ ਡਾਕਟਰਾਂ ਨਾਲ ਇਕਜੁੱਟਤਾ ਜ਼ਾਹਿਰ ਕਰਦਿਆਂ ਅਸਤੀਫਾ ਦੇ ਦਿੱਤਾ, ਜੋ ਮ੍ਰਿਤਕ ਮਹਿਲਾ ਡਾਕਟਰ ਲਈ ਇਨਸਾਫ ਦੀ ਮੰਗ ’ਤੇ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ। ਸਮੂਹਿਕ ਤੌਰ ’ਤੇ ਅਸਤੀਫਾ ਦੇਣ ਦਾ ਫ਼ੈਸਲਾ ਅੱਜ ਸਵੇਰੇ ਸਰਕਾਰੀ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ’ਚ ਲਿਆ ਗਿਆ। ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਸੀਨੀਅਰ ਡਾਕਟਰ ਨੇ ਪੀਟੀਆਈ ਨੂੰ ਦੱਸਿਆ, ‘ਇਸ ਸਬੰਧੀ ਫ਼ੈਸਲਾ ਅੱਜ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਦੌਰਾਨ ਲਿਆ ਗਿਆ। ਹਸਪਤਾਲ ਦੇ 50 ਸੀਨੀਅਰ ਡਾਕਟਰਾਂ ਨੇ ਅਸਤੀਫਿਆਂ ’ਤੇ ਦਸਤਖਤ ਕੀਤੇ ਹਨ। ਇਹ ਉਨ੍ਹਾਂ ਡਾਕਟਰਾਂ ਪ੍ਰਤੀ ਸਾਡੀ ਇਕਜੁੱਟਤਾ ਜ਼ਾਹਿਰ ਕਰਨਾ ਹੈ ਜੋ ਇੱਕ ਮਕਸਦ ਲਈ ਲੜ ਰਹੇ ਹਨ।’ ਡਾਕਟਰਾਂ ਦੇ ਸਾਂਝੇ ਮੰਚ ਨੇ ਜੂਨੀਅਰ ਡਾਕਟਰਾਂ ਨਾਲ ਇਕਜੁੱਟਤਾ ਦਾ ਵਾਅਦਾ ਕੀਤਾ ਹੈ। -ਪੀਟੀਆਈ
ਪੁਲੀਸ ਨੇ ਜੂਨੀਅਰ ਡਾਕਟਰਾਂ ਨੂੰ ਨਾ ਦਿੱਤੀ ਰੈਲੀ ਦੀ ਇਜਾਜ਼ਤ
ਕੋਲਕਾਤਾ ਪੁਲੀਸ ਨੇ ਅੱਜ ਬਾਅਦ ਦੁਪਹਿਰ 4.30 ਵਜੇ ਇੱਥੇ ਮੈਡੀਕਲ ਕਰਮਚਾਰੀਆਂ ਦੇ ਨੁਮਾਇੰਦਿਆਂ ਵੱਲੋਂ ਕੀਤੀ ਜਾਣ ਵਾਲੀ ਮੈਗਾ ਰੈਲੀ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਘਰਸ਼ ਦੀ ਅਗਵਾਈ ਕਰ ਰਹੀ ਮੁੱਖ ਸੰਸਥਾ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫੋਰਮ ਨੇ ਅੱਜ ਸਵੇਰੇ ਬਿਆਨ ’ਚ ਕਿਹਾ ਕਿ ਇਜਾਜ਼ਤ ਨਾ ਦੇਣ ਦੀ ਜਾਣਕਾਰੀ ਉਨ੍ਹਾਂ ਨੂੰ ਸ਼ਹਿਰੀ ਪੁਲੀਸ ਨੇ ਲੰਘੀ ਅੱਧੀ ਰਾਤ ਤੋਂ ਬਾਅਦ ਭੇਜੀ ਈਮੇਲ ਰਾਹੀਂ ਦਿੱਤੀ ਸੀ -ਆਈਏਐੱਨਐੱਸ