* ਹਸਪਤਾਲ ’ਚ ਭੰਨ-ਤੋੜ ਦੇ ਮਾਮਲੇ ’ਚ ਤਿੰਨ ਪੁਲੀਸ ਅਧਿਕਾਰੀ ਮੁਅੱਤਲ
* ਮੈਡੀਕਲ ਕਾਲਜ ਦੀ ਨਵੀਂ ਬਣੀ ਪ੍ਰਿੰਸੀਪਲ ਨੂੰ ਅਹੁਦੇ ਤੋਂ ਹਟਾਇਆ
ਨਵੀਂ ਦਿੱਲੀ/ਕੋਲਕਾਤਾ, 21 ਅਗਸਤ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਤਾਇਨਾਤ ਕਰਨ ਲਈ ਕਿਹਾ ਹੈ। ਸਰਕਾਰ ਨੇ ਮੈਡੀਕਲ ਕਾਲਜ ਦੀ ਨਵੀਂ ਬਣੀ ਪਿ੍ਰੰਸੀਪਲ ਸੁਰਹਿਤਾ ਪਾਲ ਨੂੰ ਦੇਰ ਰਾਤ ਅਹੁਦੇ ਤੋਂ ਹਟਾ ਦਿੱਤਾ। ਉਧਰ ਸ਼ੱਕ ਦੇ ਘੇਰੇ ’ਚ ਆਏ ਕੋਲਾਕਾਤਾ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦਾ ਸੀਬੀਆਈ ਅਧਿਕਾਰੀਆਂ ਵੱਲੋਂ ਪੋਲੀਗ੍ਰਾ਼ਫ਼ ਟੈਸਟ ਕਰਵਾਇਆ ਜਾ ਸਕਦਾ ਹੈ। ਹਸਪਤਾਲ ਦੇ ਸਾਬਕਾ ਡਿਪਟੀ ਸੁਪਰਡੈਂਟ ਅਖ਼ਤਰ ਅਲੀ ਨੇ ਕਲਕੱਤਾ ਹਾਈ ਕੋਰਟ ਦਾ ਰੁਖ਼ ਕਰਦਿਆਂ ਸੰਦੀਪ ਘੋਸ਼ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਕਥਿਤ ਵਿੱਤੀ ਬੇਨਿਯਮੀਆਂ ਦੀ ਈਡੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ’ਚ ਮਾਮਲੇ ਦੀ ਸੁਣਵਾਈ ਚੱਲ ਰਹੀ ਹੋਣ ਕਾਰਨ ਕਲਕੱਤਾ ਹਾਈ ਕੋਰਟ ਨੇ ਕਈ ਜਨਹਿੱਤ ਪਟੀਸ਼ਨਾਂ ’ਤੇ ਸਾਂਝੀ ਸੁਣਵਾਈ 4 ਸਤੰਬਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਇਸ ਦੌਰਾਨ ਕੋਲਕਾਤਾ ਪੁਲੀਸ ਨੇ ਵਿਵਾਦਾਂ ’ਚ ਘਿਰੇ ਹਸਪਤਾਲ ’ਚ ਪਿਛਲੇ ਹਫ਼ਤੇ ਹੋਈ ਭੰਨ-ਤੋੜ ਦੇ ਮਾਮਲੇ ’ਚ ਦੋ ਸਹਾਇਕ ਪੁਲੀਸ ਕਮਿਸ਼ਨਰ ਅਤੇ ਇਕ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ।
ਸੁਪਰੀਮ ਕੋਰਟ ਵੱਲੋਂ ਹਸਪਤਾਲ ਦੇ ਡਾਕਟਰਾਂ ਦੀ ਸੁਰੱਖਿਆ ਲਈ ਸੀਆਈਐੱਸਐੱਫ ਦੇ ਜਵਾਨਾਂ ਨੂੰ ਤਾਇਨਾਤ ਕਰਨ ਦੇ ਮੰਗਲਵਾਰ ਨੂੰ ਹੁਕਮ ਦਿੱਤੇ ਜਾਣ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਤੁਰੰਤ ਹਰਕਤ ’ਚ ਆਇਆ। ਡੀਆਈਜੀ ਰੈਂਕ ਦੇ ਇਕ ਅਫ਼ਸਰ ਦੀ ਅਗਵਾਈ ਹੇਠ ਸੀਆਈਐੱਸਐੱਫ ਟੀਮ ਨੇ ਅੱਜ ਸਵੇਰੇ ਹਸਪਤਾਲ ਦਾ ਸਰਵੇਖਣ ਕੀਤਾ ਜਿਥੇ 31 ਵਰ੍ਹਿਆਂ ਦੀ ਟਰੇਨੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰ ਦਿੱਤੀ ਗਈ ਸੀ। ਸੂਤਰਾਂ ਨੇ ਕਿਹਾ ਕਿ ਛੇਤੀ ਹੀ ਨੀਮ ਫੌਜੀ ਬਲ ਦੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ। ਉਹ ਰੈਜ਼ੀਡੈਂਟ ਡਾਕਟਰਜ਼ ਹਾਸਟਲ ਨੂੰ ਵੀ ਸੁਰੱਖਿਅਤ ਬਣਾਉਣਗੇ।
ਹਸਪਤਾਲ ’ਚ ਪਿਛਲੇ ਹਫ਼ਤੇ ਹੋਈ ਭੰਨ-ਤੋੜ ਦੇ ਮਾਮਲੇ ’ਚ ਕੋਲਕਾਤਾ ਪੁਲੀਸ ਨੇ ਆਪਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ’ਚ ਦੋ ਸਹਾਇਕ ਪੁਲੀਸ ਕਮਿਸ਼ਨਰ ਅਤੇ ਇਕ ਇੰਸਪੈਕਟਰ ਸ਼ਾਮਲ ਹੈ। ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਤੇ ਸੁਪਰੀਮ ਕੋਰਟ ਵੱਲੋਂ ਇਕ ਦਿਨ ਪਹਿਲਾਂ ਕੋਲਕਾਤਾ ਪੁਲੀਸ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ ਜਾਣ ਮਗਰੋਂ ਪੁਲੀਸ ਨੇ ਇਹ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਤੜਕੇ ਭੀੜ ਹਸਪਤਾਲ ਅੰਦਰ ਦਾਖ਼ਲ ਹੋ ਗਈ ਸੀ ਅਤੇ ਉਸ ਨੇ ਐਮਰਜੈਂਸੀ ਵਿਭਾਗ, ਨਰਸਿੰਗ ਸਟੇਸ਼ਨ ਅਤੇ ਦਵਾਈਆਂ ਦੇ ਸਟੋਰ ’ਤੇ ਭੰਨ-ਤੋੜ ਕੀਤੀ ਸੀ। ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦਾ ਸੀਬੀਆਈ ਅਧਿਕਾਰੀਆਂ ਵੱਲੋਂ ਪੋਲੀਗ੍ਰਾ਼ਫ਼ ਟੈਸਟ ਕਰਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਮਹਿਲਾ ਡਾਕਟਰ ਦੀ 9 ਅਗਸਤ ਨੂੰ ਹਸਪਤਾਲ ਦੇ ਸੈਮੀਨਾਰ ਹਾਲ ’ਚ ਲਾਸ਼ ਮਿਲਣ ਦੇ ਦੋ ਦਿਨਾਂ ਬਾਅਦ ਘੋਸ਼ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੀਬੀਆਈ ਉਸ ਤੋਂ ਕਈ ਵਾਰ ਪੁੱਛ-ਪੜਤਾਲ ਕਰ ਚੁੱਕੀ ਹੈ। -ਪੀਟੀਆਈ
ਸੌਰਵ ਗਾਂਗੁਲੀ ਦੀ ਪਤਨੀ ਨੇ ਰੋਸ ਵਜੋਂ ਮੋਮਬੱਤੀਆਂ ਜਗਾਈਆਂ
ਕੋਲਕਾਤਾ:
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਪਤਨੀ ਅਤੇ ਓਡੀਸੀ ਡਾਂਸਰ ਡੋਨਾ ਗਾਂਗੁਲੀ ਨੇ ਅੱਜ ਮੋਮਬੱਤੀਆਂ ਜਗਾ ਕੇ ਰੋਸ ਪ੍ਰਗਟਾਇਆ। ਜਬਰ-ਜਨਾਹ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਲੜਕੀਆਂ ਲਈ ਸੁਰੱਖਿਅਤ ਸਮਾਜ ਦੀ ਲੋੜ ਹੈ। ਉਨ੍ਹਾਂ ਦੀ ਧੀ ਸਨਾ ਗਾਂਗੁਲੀ ਨੇ ਕੋਲਕਾਤਾ ਜਬਰ-ਜਨਾਹ ਅਤੇ ਹੱਤਿਆ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ। ਉਧਰ ਡਾਕਟਰਾਂ, ਨਰਸਾਂ ਅਤੇ ਹੋਰ ਲੋਕਾਂ ਨੇ ਸਿਹਤ ਵਿਭਾਗ ਦਫ਼ਤਰ ਤੱਕ ਮਾਰਚ ਕੀਤਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਅਤੇ ਕਿਹਾ ਕਿ ਨਵੀਂ ਬਣੀ ਪ੍ਰਿੰਸੀਪਲ ਡਾਕਟਰ ਸੁਰਹਿਤਾ ਪਾਲ ਅਚਾਨਕ ਲਾਪਤਾ ਹੋ ਗਈ ਹੈ ਅਤੇ ਉਹ ਹਸਪਤਾਲ ’ਚ ਭੰਨ-ਤੋੜ ਮਗਰੋਂ ਨਜ਼ਰ ਨਹੀਂ ਆਈ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਅਧਿਕਾਰੀਆਂ ਦੇ ਰਵੱਈਏ ’ਤੇ ਨਿਰਾਸ਼ਾ ਜਤਾਈ ਅਤੇ ਕਿਹਾ ਕਿ ਉਹ ਇਹ ਭਰੋਸਾ ਨਹੀਂ ਦੇ ਸਕੇ ਕਿ ਹਸਪਤਾਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਨੂੰ ਛੇਤੀ ਹਟਾ ਦਿੱਤਾ ਜਾਵੇਗਾ। -ਏਐੱਨਆਈ/ਪੀਟੀਆਈ
ਆਈਟੀ ਮੰਤਰਾਲੇ ਨੇ ਪੀੜਤਾ ਦੇ ਵੇਰਵੇ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਕਿਹਾ
ਨਵੀਂ ਦਿੱਲੀ:
ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਕਿਹਾ ਹੈ ਕਿ ਉਹ ਕੋਲਕਾਤਾ ਦੀ ਟਰੇਨੀ ਡਾਕਟਰ ਨਾਲ ਸਬੰਧਤ ਸਾਰੇ ਵੇਰਵੇ ਹਟਾ ਕੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ। ਮੰਤਰਾਲੇ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ’ਚ ਨਾਕਾਮ ਰਹੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਸੋਸ਼ਲ ਮੀਡੀਆ ਪਲੈਟਫਾਰਮਾਂ ਨੂੰ ਕਿਹਾ ਗਿਆ ਹੈ ਕਿ ਉਹ ਆਈਟੀ ਮੰਤਰਾਲੇ ਨੂੰ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਦੇਣ। ਸੁਪਰੀਮ ਕੋਰਟ ਨੇ ਪੀੜਤਾ ਦਾ ਨਾਮ, ਤਸਵੀਰਾਂ ਅਤੇ ਵੀਡੀਓਜ਼ ਹਟਾਉਣ ਦੇ ਹੁਕਮ ਦਿੱਤੇ ਹਨ। -ਪੀਟੀਆਈ
ਰਾਜਪਾਲ ਵੱਲੋਂ ਪੀੜਤਾ ਦੇ ਮਾਪਿਆਂ ਨਾਲ ਮੁਲਾਕਾਤ
ਕੋਲਕਾਤਾ:
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਅੱਜ ਮਹਿਲਾ ਡਾਕਟਰ ਦੇ ਘਰ ਦਾ ਦੌਰਾ ਕਰਕੇ ਉਸ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਕਟਕ (ਉੜੀਸਾ) ਤੋਂ ਪਰਤਣ ਮਗਰੋਂ ਬੋਸ ਸਿੱਧੇ ਡਾਕਟਰ ਦੀ ਰਿਹਾਇਸ਼ ’ਤੇ ਗਏ ਅਤੇ ਮਾਪਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਮੰਗਲਵਾਰ ਨੂੰ ਪੀੜਤਾ ਦੇ ਮਾਪਿਆਂ ਨਾਲ ਫੋਨ ’ਤੇ ਦੋ ਵਾਰ ਗੱਲਬਾਤ ਕੀਤੀ ਸੀ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ਸੀ। -ਪੀਟੀਆਈ
ਡਾਕਟਰਾਂ ਵੱਲੋਂ ਅੰਤਰਿਮ ਸੁਰੱਖਿਆ ਲਈ ਸੁਪਰੀਮ ਕੋਰਟ ਦਾ ਰੁਖ਼
ਨਵੀਂ ਦਿੱਲੀ:
ਡਾਕਟਰਾਂ ਦੀ ਜਥੇਬੰਦੀ ਫੈਡਰੇਸ਼ਨ ਆਫ਼ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ (ਫਾਇਮਾ) ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਨੈਸ਼ਨਲ ਟਾਸਕ ਫੋਰਸ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ ਤੱਕ ਡਾਕਟਰਾਂ ਲਈ ਅੰਤਰਿਮ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਹ ਉਪਰਾਲਾ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੈਜ਼ੀਡੈਂਟ ਡਾਕਟਰਾਂ ਦੀ ਸ਼ਮੂਲੀਅਤ ਵਿਆਪਕ ਦਿਸ਼ਾ-ਨਿਰਦੇਸ਼ ਬਣਾਉਣ ’ਚ ਸਹਾਈ ਹੋਵੇਗੀ। ਅਰਜ਼ੀ ’ਚ ਉਨ੍ਹਾਂ ਕਿਹਾ ਕਿ ਹਸਪਤਾਲਾਂ ਸਮੇਤ ਅਹਿਮ ਥਾਵਾਂ ’ਤੇ ਸੀਸੀਟੀਵੀ ਕੈਮਰੇ ਵੀ ਲਗਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕੰਮਕਾਜੀ ਥਾਵਾਂ ’ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਅਤੇ ਪ੍ਰੇਸ਼ਾਨ ਕਰਨ ਸਬੰਧੀ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਕਿਹਾ ਹੈ। -ਪੀਟੀਆਈ